ਇਲਾਹੀ ਰਹਿਮਤਾਂ ਅਤੇ ਬਖਸਿ਼ਸ਼ਾਂ ਦਾ ਘਰ ਹੈ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਟਿਆਲਾ

ਹਿੰਦ ਦੀ ਚਾਦਰ, ਨੌਂਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਉਪਰ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਆਪ ਪਰਗ ਵੈਰਾਗ ਅਤੇ ਪਿਆਰ ਦੀ ਮੂਰਤ ਹਨ। ਇਸ ਪਿਆਰ ਨੂੰ ਵੰਡਣ ਹਿੱਤ ਆਪ ਨੇ ਸੰਗਤਾਂ ਨੂੰ ਵੱਖ ਵੱਖ ਥਾਵਾਂ ਤੇ ਜਾ ਕੇ ਦਰਸ਼ਨ ਦੇ ਕੇ ਕਿਰਤਾਰਥ ਕੀਤਾ। ਇਨ੍ਹਾਂ ਬਖਸ਼ਿਸ਼ਾਂ ਵਿੱਚ ਸਾਡੇ ਪਟਿਆਲਾ ਸ਼ਹਿਰ ਦੇ ਵੀ ਵੱਡੇ ਭਾਗ ਸ਼ਾਮਲ ਹਨ ਜਿਸ ਨੂੰ ਆਪ ਜੀ ਦੀ ਚਰਨ ਛੋਹ ਪ੍ਰਾਪਤ ਹੋਈ। ਭਾਗ ਰਾਮ ਝਿਊਰ ਨੇ ਆਪ ਜੀ ਨੂੰ ਬੇਨਤੀ ਕੀਤੀ ਕਿ ਇੱਥੇ ਬੀਮਾਰੀ ਨਹੀਂ ਜਾਂਦੀ। ਆਪ ਜੀ ਇਸ ਸਥਾਨ ਤੇ ਲਹਿਲ ਪਿੰਡ ਵਿਖੇ ਆ ਕੇ ਬੋਹੜ ਦੇ ਹੇਠਾਂ ਆ ਕੇ ਬਿਰਾਜੇ। ਮਹਾਰਾਜ ਸਾਹਿਬ ਨੇੇ ਇੱਥੇ ਬਿਰਾਜ ਕੇ ਟੋਭੇ ਵਿੱਚ ਚਰਨ ਪਾਏ ਅਤੇ ਹੁਕਮ ਕੀਤਾ ਕਿ ਜੋ ਕੋਈ ਵੀ ਰੋਗੀ ਇੱਥੇ ਸ਼ਰਧਾ ਨਾਲ ਇਸ਼ਨਾਨ ਕਰੇਗਾ ਉਸ ਦੇ ਸਭ ਰੋਗ ਨਾਸ਼ ਹੋ ਜਾਣਗੇ। ਇੱਥੇ ਥੜਾ ਬਣਾਓ, ਲੰਗਰ ਚਲਾਓ। ਹੁਕਮ ਹੋਇਆ ਜੋ ਇੱਥੇ ਬਸੰਤ ਪੰਚਮੀ ਨੂੰ ਇਸ਼ਨਾਨ ਕਰੇਗਾ, ਉਸ ਨੂੰ ਸਭ ਤੀਰਥਾਂ ਦਾ ਫਲ ਪ੍ਰਾਪਤ ਹੋਏਗਾ। ਸੰਗਤ ਨੇ ਬੇਨਤੀ ਕੀਤੀ ਕਿ ਇੱਥੇ ਆਬਾਦੀ ਨਹੀਂ ਹੁੰਦੀ। ਮਹਾਰਾਜ ਸਾਹਿਬ ਨੇ ਹੁਕਮ ਕੀਤਾ ਕਿ ਇੱਥੇ ਬਹੁਤ ਰੌਣਕ ਹੋਵੇਗੀ। ਇਹ ਸਿੱਖਾਂ ਦੀ ਰਾਜਧਾਨੀ ਹੋਵੇਗੀ, ਇਹ ਗੁਰਧਾਮ ਬਣ ਕੇ ਪ੍ਰਗਟ ਹੋਏਗਾ, ਇਹ ਸਭ ਜਹਾਨ ਵਿੱਚ ਉਗਾ ਅਸਥਾਨ ਹੋਵੇਗਾ, ਜਿਹੜਾ ਵੀ ਇੱਥੇ ਸੇਵਾ ਕਰੇਗਾ, ਮਨ ਬਾਂਛਲ ਫਲ ਪਾਵੇਗਾ। ਕਰਮਾਂ ਦੇਵੀ ਖਤਰਾਣੀ ਚਰਨੀ ਡਿਗ ਪਈ ਅਤੇ ਬੇਨਤੀ ਕਰਨ ਲੱਗੀ ਕਿ ਅਠਰਾਏ ਨਾਲ ਬੱਚਾ ਸ਼ਾਂਤ ਹੋ ਜਾਂਦਾ ਹੈ। ਮਹਾਰਾਜ ਸਾਹਿਬ ਨੇ ਹੁਕਮ ਕੀਤਾ ਕਿ ਇਹ ਸਭ ਦੂਰ ਹੋ ਜਾਏਗਾ, ਕੋਈ ਰੋਗ ਨਹੀਂ ਰਹੇਗਾ। ਮਾਘ ਸੁਕਲ ਪੰਚਮੀ ਸਤਾਰਾਂ ਸੌ ਅਠਾਇਸ ਨੂੰ ਸਭ ਸੰਗਤ ਤੇ ਖੁਸ਼ੀ ਕੀਤੀ। ਮਹਾਰਾਜ ਨੇ ਫੁਰਮਾਨ ਕੀਤਾ ਕਿ ਜੋ ਹੁਕਮਨਾਮੇ ਦੇ ਦਰਸ਼ਨ ਪਾਵੇਗਾ, ਮੇਰੇ ਦਰਸ਼ਨ ਪਾਵੇਗਾ, ਗੁਰਧਾਮ ਕੋ ਜਾਵੇਗਾ, ਸਭ ਸੁਖ ਪਾਵੇਗਾ, ਜਮ ਧਾਮ ਨਾ ਜਾਵੇਗਾ। ਉਪਰੋਕਤ ਤਸਵੀਰ ਵਿੱਚ ਦਰਸਾਇਆ ਹੁਕਮਨਾਮਾ ਅੱਜ ਵੀ ਇਤਿਹਾਸਕ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਾਤਸ਼ਾਹੀ ਨੌਂਵੀ ਪਟਿਆਲਾ ਵਿਖੇ ਸਥਾਪਿਤ ਹੈ ਜਿਸ ਦੇ ਸੰਗਤਾਂ ਹੁੰਮਹੁੰਮਾ ਕੇ ਦਰਸ਼ਨ ਕਰਦੀਆਂ ਹਨ। ਭਵਿੱਖ ਵਿੱਚ ਆਪ ਜੀ ਦੇ ਹੁਕਮ ਸਤਿ ਹੋਏ। ਪਟਿਆਲਾ ਸ਼ਹਿਰ ਦੀ ਚੜ੍ਹਦੀਕਲਾ ਦੁਨੀਆਂ ਦੇ ਕੋਨੇ ਕੋਨੇ ਵਿੱਚ ਹੈ। ਸੰਗਤਾਂ ਇਸ ਅਸਥਾਨ ਤੇ ਆ ਕੇ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਹਨ। ਸ਼ਹਿਰ ਦੀ ਰੌਣਕ ਹਰ ਕਿਸੇ ਨੂੰ ਕੀਲਦੀ ਹੈ। ਇਹ ਅਸਥਾਨ ਗੁਰਸਿੱਖੀ ਦਾ ਗੜ੍ਹ ਬਣ ਗਿਆ ਹੈ ਅਤੇ ਗੁਰਮੁੱਖ ਪਿਆਰੇ ਦਰਸ਼ਨ—ਪਰਸਨ ਕਰਕੇ ਲਾਹਾ ਲੈ ਰਹੇ ਹਨ।

Leave a Reply

Your email address will not be published. Required fields are marked *