ਗੁਰੂਆਂ, ਪੀਰਾਂ ਤੋ ਵਰੋਸਾਈ ਧਰਤੀ ਹੈ ਪੰਜਾਬ। ਜਿਸਦੇ ਅੰਮ੍ਰਿਤ ਵਰਗੇ ਪਾਣੀ, ਸੁ਼ਧ ਵਾਤਾਵਰਣ, ਅੰਨ ਦੇ ਭੰਡਾਰ ਅਤੇ ਉਚੇ ਲੰਮੇ ਗਭਰੂਆਂ ਦਾ ਕਿਧਰੇ ਮੁਕਾਬਲਾ ਨਹੀ ਸੀ। ਸ਼ਹਿਰੀਕਰਣ, ਪਿੰਡਾਂ ਦੇ ਬਦਲਦੇ ਹੋਏ ਰੂਪ, ਬਿਜਲੀ ਦੀ ਚਕਾਚੌਧ ਆਰਥਿਕਾ (ਪੈਸੇ ਦੀ ਆਪਾਧਾਪੀ) ਤੇਜ ਆਵਾਜਾਈ ਦੇ ਸਾਧਨਾਂ ਕਰਕੇ ਲੋਕ ਅੱਜ ਨਾ ਚਾਹੁੰਦੇ ਹੋਏ ਵੀ ਆਪਣੇ ਲੋਕ ਵਿਰਸੇ ਤੋ ਵਿਛੜਦੇ ਜਾ ਰਹੇ ਹਨ। ਪ੍ਰਵਾਸੀ ਮਜਦੂਰਾਂ ਦੇ ਪੰਜਾਬ ਵਿਚ ਆਉਣ ਨਾਲ ਜਿੱਥੇ ਤਰੱਕੀ ਵੱਧ ਤੇਜ਼ੀ ਨਾਲ ਹੋਈ , ਉਥੇ ਕੁਝ ਘਟੀਆ ਚੀਜ਼ਾਂ ਨੇ ਵੀ ਪੰਜਾਬ ਨੂੰ ਆਣ ਘੇਰਿਆ। ਬੀੜੀ ਅਤੇ ਜਰਦੇ ਦਾ ਸੁਆਦ ਪ੍ਰਵਾਸੀ ਮਜਦੂਰਾਂ (ਭਈਆਂ) ਰਾਹੀ ਸਾਡੇ ਪੇਡੂਆਂ ਦੇ ਮੂੰਹ ਲੱਗਿਆ ਹੈ। ਅੱਜ 80 ਫੀਸਦੀ ਪੇਂਡੂ ਇਨ੍ਹਾਂ ਮਾੜੀਆਂ ਆਦਤਾਂ ਦੇ ਸਿ਼ਕਾਰ ਹਨ। ਭਾਰਤ ਵਿੱਚ ਸਭ ਤੋ ਵੱਧ ਸ਼ਰਾਬ ਪੰਜਾਬੀ ਪੀ ਜਾਂਦੇ ਹਨ। ਇਕ ਵਾਰੀ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਨੀਲਾ ਘੋੜਾ ਇਕ ਖੇਤ ਦੇ ਬਾਹਰ ਖੜੋ ਗਿਆ ਅੱਗੇ ਜਾਵੇ ਹੀ ਨਾ। ਜਦੋ ਦੇਖਿਆ ਗਿਆ ਤਾਂ ਖੇਤ ਵਿਚ ਅੱਗੇ ਜਾ ਕੇ ਤੰਬਾਕੂ ਬੀਜਿਆ ਹੋਇਆ ਸੀ। ਅੱਜ ਜਿਸ ਤਰ੍ਹਾਂ ਪੰਜਾਬ ਦੇ ਬਜਾਰਾਂ ਵਿੱਚ ਬੀੜੀ, ਜਰਦਾ (ਜਰਦੇ ਦਾ ਨਵਾਂ ਰੂਪ ਗੁਟਕਾ, ਪਿੰਡਾਂ ਵਿੱਚ ਇਹ ਚੀਜਾਂ ਕਰਿਆਨੇ ਦੀਆਂ ਦੁਕਾਨਾਂ ਤੇ ਮਿਲਦੀਆਂ ਹਨ ਵਿਕ ਰਿਹਾ ਹੈ, ਜੇਕਰ ਮੁੜ ਕੇ ਨੀਲਾ ਘੋੜਾ ਇਧਰ ਆ ਜਾਵੇ ਤਾਂ ਉਹ ਪੰਜਾਬ ਦੀਆਂ ਸਰਹੱਦਾਂ ਤੇ ਹੀ ਖੜੋ ਜਾਵੇ ਪੰਜਾਬ ਵਿੱਚ ਵੜੇ ਹੀ ਨਾ। ਸਭ ਤੋ ਪਹਿਲਾਂ ਰੇਲਵੇ ਵਿੱਚ ਇਨ੍ਹਾਂ ਚੀਜ਼ਾਂ ਦੇ ਖਾਣ ਅਤੇ ਰੇਲਵੇ ਸਟੈਸ਼ਨਾਂ ਤੇ ਵੇਚਣ ਦੀ ਪਾਬੰਦੀ ਲੱਗੀ ਸੀ, ਪਰੰਤੂ ਦੱਖਣੀ ਭਾਰਤ ਦੇ ਦੋ ਟੂਰਾਂ ਦੌਰਾਨ ਮੈ ਰੇਲ ਗੱਡੀਆਂ ਵਿੱਚ ਟੀ ਟੀ ਅਤੇ ਸੁਰੱਖਿਆ ਬਲਾਂ ਦੀਆਂ ਨਜ਼ਰਾਂ ਸਾਹਮਣੇ ਇਨ੍ਹਾਂ ਚੀਜ਼ਾਂ ਨੂੰ ਸ਼ਰੇਆਮ ਦੂਗਣੇ ਭਾਅ ਵਿਕਦਾ ਵੇਖਿਆ ਹੈ। ਕੇਰਲਾ ਵਿਚ ਠੇਕੇ ਬਹੁਤ ਲੁਕਵੇ ਹਨ ਅਤੇ ਸਾਰਵਜਨਿਕ ਸਥਾਨਾਂ ਤੇ ਸ਼ਰਾਬ ਪੀ ਕੇ ਘੁੰਮਣ ਅਤੇ ਬੀੜੀ ਸਿਗਰਟ ਪੀਣ ਤੇ ਪਾਬੰਧੀ ਹੈ। ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਸੂਬਿਆਂ ਦੀਆਂ ਸਰਕਾਰਾਂ (ਯੂਪੀ, ਗੋਆ, ਮਹਾਂਰਾਸ਼ਟਰ) ਨੇ ਇਸ ਦੇ ਉਤਪਾਦਨ ਅਤੇ ਵਿਕਰੀ ਤੇ ਸਖਤੀ ਨਾਲ ਪਾਬੰਧੀ ਲਗਾ ਦਿੱਤੀ ਹੈ, ਜਿਨ੍ਹਾਂ ਦੇ ਲੋਕਾਂ ਦੇ ਧਰਮ ਕਰਮ ਵਿੱਚ ਇਨ੍ਹਾ ਦੇ ਸੇਵਨ ਤੇ ਕੋਈ ਪਾਬੰਧੀ ਨਹੀ। ਪਰੰਤੂ ਪੰਜਾਬ ਜਿੱਥੇ ਬਹੁ ਗਿਣਤੀ ਦੇ ਧਾਰਮਿਕ ਤੌਰ ਤੇ ਇਨ੍ਹਾਂ ਚੀਜ਼ਾਂ ਤੋ ਕਰੋੜਾਂ ਰੁਪਏ ਦੇ ਟੈਕਸ ਵਸੂਲਣ ਕਰਕੇ ਕੋਈ ਕਾਰਵਾਈ ਨਹੀ ਕਰ ਰਹੀ। ਜਿਨ੍ਹਾਂ ਨੂੰ ਪਹਿਲ ਕਰਨੀ ਚਾਹੀਦੀ ਸੀ ਉਹ ਫਾਡੀ ਵੀ ਇਹ ਕੰਮ ਕਰਨ ਲਈ ਤਿਆਰ ਨਹੀ। ਅਜਿਹੇ ਸਮੇ ਵਿੱਚ ਪਿੰਡਾਂ ਵਿੱਚੋ ਸੂਝਵਾਨ ਗਭਰੂਆਂ ਦਾ ਹੀ ਫਰਜ ਬਣਦਾ ਹੈ ਕਿ ਉਹ ਕਲੱਬਾਂ ਬਣਾਕੇ ਆਪਣੇ ਹਾਣੀਆਂ (ਜੋ ਗਲਤ ਰਾਹ ਤੇ ਚੱਲ ਰਹੇ ਹਨ) ਨੂੰ ਵਰਜਣ ਅਤੇ ਉਨ੍ਹਾਂ ਦੇ ਧਿਆਨ ਅਤੇ ਸ਼ਕਤੀ ਨੂੰ ਖੇਡਾਂ ਅਤੇ ਸੱਭਿਆਚਾਰ ਵੱਲ ਮੋੜਣ।