10 ਕਰੋੜ ਦੇ ਬਜਟ ਨਾਲ ਸਰਬਤ ਦਾ ਭਲਾ ਟਰੱਸਟ ਬਣਾਏਗੀ ਲੋੜਵੰਦ ਹੜ੍ਹ ਪੀੜਤਾਂ ਦੇ ਢਹਿ ਗਏ ਘਰ
ਪਟਿਆਲਾ : ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਹੀ ਵਿਸ਼ਵ ਪ੍ਰਸਿੱਧ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾਕਟਰ ਐਸ ਪੀ ਸਿੰਘ ਓਬਰਾਏ ਵੱਲੋਂ 10 ਕਰੋੜ ਰੁਪਏ ਦੇ ਬਜਟ ਨਾਲ ਲੋੜਵੰਦ ਹੜ੍ਹ ਪੀੜਤਾਂ ਦੇ ਢਹਿ ਗਏ ਮਕਾਨਾਂ ਨੂੰ ਦੁਬਾਰਾ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਅੱਜ ਡਾ. ਐਸ.ਪੀ. ਸਿੰਘ ਉਬਰਾਏ ਨੇ ਪਟਿਆਲਾ ਦੇ ਕਈ ਏਰੀਏ ਜਿਹੜੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਸਨ ਉਨ੍ਹਾਂ ਦਾ ਦੌਰਾ ਕੀਤਾ।
ਇਸ ਮੌਕੇ ਡਾ. ਐਸ.ਪੀ. ਸਿੰਘ ਉਬਰਾਏ ਨੇ ਕਿਹਾ ਕਿ ਇਸ ਵਾਰ ਹੜ੍ਹਾਂ ਦੀ ਮਾਰ ਵਿੱਚ ਪੰਜਾਬ ਦਾ ਕਾਫੀ ਨੁਕਸਾਨ ਹੋਇਆ ਹੈ। ਰਾਜਪੁਰਾ, ਦੇਵੀਗੜ, ਸਮਾਣਾ, ਪਾਤੜਾਂ, ਮਾਨਸਾ ਆਦਿ ਤੋਂ ਇਲਾਵਾ ਪਟਿਆਲਾ ਸ਼ਹਿਰ ਅਤੇ ਇਸਦੇ ਨੇੜਲੇ ਪਿੰਡਾਂ ਵਿੱਚ ਵੀ ਹੜ੍ਹਾਂ ਕਾਰਨ ਕਾਫੀ ਨੁਕਸਾਨ ਹੋਇਆ ਹੈ। ਅੱਜ ਵੀ ਅਸੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ, ਜਿੱਥੇ ਤਕਰੀਬਨ 8-8 ਫੁੱਟ ਪਾਣੀ ਖੜਿਆ ਹੋਇਆ ਸੀ। ਜਲੰਧਰ ਵਿੱਚ ਸੁਲਤਾਨਪੁਰ ਲੋਧੀ ਦੇ ਨਾਲ ਲੋਹੀਆਂ ਏਰੀਆ ਵਿੱਚ ਵੀ ਹੜ੍ਹਾਂ ਦੇ ਪਾਣੀ ਕਾਰਨ ਕਾਫੀ ਨੁਕਸਾਨ ਹੋਇਆ ਹੈ। ਇਸ ਵਿੱਚ ਤਰਨਤਾਰਨ ਅਤੇ ਫਿਰੋਜ਼ਪੁਰ ਦੇ ਕਾਫੀ ਪਿੰਡ ਵੀ ਸ਼ਾਮਿਲ ਹਨ।
ਡਾ. ਉਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਕਈ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਖਾਣੇ ਦੀਆਂ ਕਿੱਟਾਂ ਸਵੇਰੇ-ਸ਼ਾਮ ਵੰਡੀਆਂ ਗਈਆਂ ਹਨ। ਸਰੱਬਤ ਦਾ ਭਲਾ ਟਰੱਸਟ ਦੇ ਸਾਰੇ ਜ਼ਿਲਾ ਪ੍ਰਧਾਨਾਂ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਸਨ ਕਿ ਪ੍ਰਸ਼ਾਸਨ ਨਾਲ ਮਿਲ ਕੇ ਇਕੱਠੇ ਤੌਰ ਤੇ ਕੰਮ ਕਰੋ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰੋ। ਲੋੜਵੰਦ ਲੋਕਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਅਸੀਂ ਉਹ ਦੇਣ ਲਈ ਤਿਆਰ ਹਾਂ। ਹੁਣ ਵੀ ਕਈ ਏਰੀਏ ਜਿਹੜੇ ਪਾਣੀ ਵਿੱਚ ਡੁੱਬੇ ਹੋਏ ਹਨ, ਉਥੇ ਟਰੱਸਟ ਵਲੋਂ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰਭਾਵਿਤ ਇਲਾਕਿਆਂ ਉਤੇ ਸਾਡੇ ਡਾਕਟਰ ਸਾਹਿਬਾਨ ਮਰੀਜ਼ਾਂ ਨੂੰ ਚੈਕ ਕਰ ਰਹੇ ਹਨ, ਜਿਹੜੀਆਂ ਦਵਾਈਆਂ ਉਹ ਸਾਨੂੰ ਭੇਜਣ ਲਈ ਕਹਿ ਰਹੇ ਹਨ ਅਸੀਂ ਭੇਜ ਰਹੇ ਹਾਂ। ਜਿਹੜੇ ਇਲਾਕਿਆਂ ਵਿੱਚ ਪਸ਼ੂਆਂ ਨੂੰ ਚਾਰੇ ਦੀ ਲੋੜ ਸੀ, ਟਰੱਸਟ ਵੱਲੋਂ ਵੱਖ ਵੱਖ ਜਗ੍ਹਾ ਤੇ ਪਸ਼ੂਆਂ ਲਈ ਮੱਕੀ ਦੇ ਦਾਣੇ ਦਾ ਆਚਾਰ ਭੇਜਿਆ ਗਿਆ ਹੈ। ਤਰਨਤਾਰਨ, ਫਿਰੋਜ਼ਪੁਰ ਅਤੇ ਪੱਟੀ ਸਾਈਡ ਟਰੱਸਟ ਵੱਲੋਂ 300 ਟਨ ਤੋਂ ਵੱਧ ਪਸ਼ੂਆਂ ਲਈ ਚਾਰਾ ਭੇਜ ਚੁੱਕੇ ਹਾਂ। ਅੱਜ ਵੀ ਪਸ਼ੂਆਂ ਲਈ ਚਾਰੇ ਦੀਆਂ ਦੋ ਗੱਡੀਆਂ ਭੇਜੀਆਂ ਗਈਆਂ ਹਨ।
ਡਾ. ਉਬਰਾਏ ਨੇ ਦੱਸਿਆ ਕਿ ਅੱਜ ਟਰੱਸਟ ਦੀ ਮੀਟਿੰਗ ਵਿਚ ਅਸੀਂ ਹੜ੍ਹ ਪ੍ਰਭਾਵਿਤ ਘਰਾਂ ਨੂੰ ਬਣਾਉਣ ਅਤੇ ਠੀਕ ਕਰਵਾਉਣ ਲਈ 7 ਕਰੋੜ ਦਾ ਬਜਟ ਪਾਸ ਕੀਤਾ ਹੈ। ਇਸ ਤੋਂ ਇਲਾਵਾ ਸਾਡੇ ਕੋਲ ਵਾਧੂ 3 ਕਰੋੜ ਰੁਪਏ ਦਾ ਵਾਧੂ ਬਜਟ ਹੋਰ ਹੈ। ਕਿਉਂਕਿ ਅੱਜ ਵੀ ਕਈ ਏਰੀਏ ਵਿੱਚ ਹੜ੍ਹ ਪ੍ਰਭਾਵਿਤ ਘਰਾਂ ਨੂੰ ਦੇਖਿਆ ਹੈ ਜਿਨ੍ਹਾਂ ਦੀ ਹਾਲਤ ਕਾਫੀ ਬਦਤਰ ਹੈ। ਕਈ ਮਕਾਨਾਂ ਦੀਆਂ ਦੀਵਾਰਾਂ ਪੂਰੀ ਤਰ੍ਹਾਂ ਪ੍ਰਭਾਵਿਤ ਹਨ। ਟਰੱਸਟ ਦੀਆਂ ਜ਼ਿਲਾ ਵਾਰ ਟੀਮਾਂ ਹੜ੍ਹ ਪ੍ਰਭਾਵਿਤ ਘਰਾਂ ਨੂੰ ਦੇਖ ਰਹੀਆਂ ਹਨ, ਜਿਸ ਨੂੰ ਅਜੇ ਵੀ ਤਕਰੀਬਨ ਇੱਕ ਹਫਤਾ ਹੋਰ ਲੱਗ ਸਕਦਾ ਹੈ। ਇਨ੍ਹਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਟਰੱਸਟ ਵਲੋਂ ਲੋਕਾਂ ਨੂੰ ਫਾਰਮ ਭਰਨ ਲਈ ਦਿੱਤੇ ਜਾ ਰਹੇ ਹਨ। ਲੋੜਵੰਦ ਲੋਕ ਇਹ ਫਾਰਮ ਭਰ ਕੇ ਦੇਣਗੇ ਫਿਰ ਅਸੀਂ ਦੇਖਾਂਗੇ ਕਿ ਕਿਸ ਨੂੰ ਕਿੰਨੀ ਰਾਸ਼ੀ ਦੀ ਜਰੂਰਤ ਹੈ। ਕਿਸ ਦੇ ਮਕਾਨ ਦੀ ਰਿਪੇਅਰ ਕਰਵਾ ਕੇ ਦੇਣੀ ਹੈ, ਕਿੱਥੇ ਨਵਾਂ ਮਕਾਨ ਬਣਾਉਣਾ ਹੈ। ਕੁੱਲ 10 ਕਰੋੜ ਦਾ ਬਜਟ ਪੰਜਾਬ ਵਿੱਚ ਮਕਾਨਾਂ ਦੀ ਰਿਪੇਅਰ ਅਤੇ ਨਵਾਂ ਮਕਾਨਾਂ ਨੂੰ ਬਣਾਉਣ ਲਈ ਲਗਾਇਆ ਜਾਵੇਗਾ।