ਪਰਾਲੀ ਸਾੜਨ ਨਾਲ ਹੁੰਦੇ ਨੁਕਸਾਨ ਤੋਂ ਕਿਸਾਨਾਂ ਨੂੰ ਜਾਣੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਟੀਮਾਂ ਦੀਆਂ ਜ਼ਿੰਮੇਵਾਰੀਆਂ ਤੈਅ

ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

ਪਰਾਲੀ ਸਾੜਨ ਨਾਲ ਹੁੰਦੇ ਨੁਕਸਾਨ ਤੋਂ ਕਿਸਾਨਾਂ ਨੂੰ ਜਾਣੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਟੀਮਾਂ ਦੀਆਂ ਜ਼ਿੰਮੇਵਾਰੀਆਂ ਤੈਅ
-ਕਿਸਾਨ ਮਿੱਤਰ ਤੇ ਅਗਾਂਹਵਧੂ ਕਿਸਾਨ ਜੋ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨਗੇ ਉਨ੍ਹਾਂ ਦੇ ਨਾਮ ਦੀ ਸਟੇਟ ਅਵਾਰਡ ਲਈ ਸਿਫ਼ਾਰਸ਼ ਕੀਤੀ ਜਾਵੇਗੀ : ਡੀ.ਸੀ.
-ਪਿੰਡਾਂ ‘ਚ ਮੌਜੂਦ ਮਸ਼ੀਨਰੀ ਬਾਰੇ ਜਾਣਕਾਰੀ ਲਈ ਅਧਿਕਾਰੀ ਗੂਗਲ ਲਿੰਕ ਦੀ ਵਰਤੋਂ ਕਰਨ
ਪਟਿਆਲਾ, 14 ਅਕਤੂਬਰ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਝੋਨੇ ਦੀ ਵਾਢੀ ਤੋਂ ਬਾਅਦ ਕਿਸਾਨਾਂ ਵੱਲੋਂ ਖੇਤਾਂ ਵਿਚ ਅੱਗ ਲਗਾਉਣ ਦੇ ਮਾਮਲਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਜੇਕਰ ਕਿਸੇ ਵੀ ਅਧਿਕਾਰੀ ਅਤੇ ਕਰਮਚਾਰੀ ਵੱਲੋਂ ਇਸ ਸਬੰਧੀ ਕੋਈ ਢਿੱਲ ਕੀਤੀ ਗਈ ਤਾਂ ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਹ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ‘ਚ ਵਾਢੀ ਦੇ ਸੀਜ਼ਨ ਦੌਰਾਨ ਲੱਗਣ ਵਾਲੀ ਅੱਗ ਦੇ ਕੇਸਾਂ ਸਬੰਧੀ ਸਮੀਖਿਆ ਮੀਟਿੰਗ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਦੀ ਅਗਵਾਈ ਵਿਚ ਟੀਮਾਂ ਦਾ ਗਠਨ ਕਰਦਿਆ ਕਿਹਾ ਕਿ ਟੀਮ ਦੇ ਮੈਂਬਰਾਂ ਵਿੱਚ ਖੇਤੀਬਾੜੀ ਵਿਭਾਗ ਦਾ ਏ.ਡੀ.ਓ. ਅਤੇ ਸਹਿਕਾਰੀ ਸਭਾਵਾਂ ਦਾ ਏ.ਆਰ. ਸ਼ਾਮਲ ਹੋਣਗੇ ਅਤੇ ਜੋ ਅੱਗ ਲੱਗਣ ਵਾਲੇ ਸਥਾਨ ‘ਤੇ ਤੁਰੰਤ ਪਹੁੰਚਕੇ ਕਾਰਵਾਈ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪਟਵਾਰੀ ਅਤੇ ਪੰਚਾਇਤ ਸਕੱਤਰ ਅੱਗ ਦੀ ਕੋਈ ਵੀ ਘਟਨਾ ਹੋਣ ‘ਤੇ ਇਸ ਸਬੰਧੀ ਕਾਰਵਾਈ ਅਤੇ ਨਾਲ ਹੀ ਉਚ ਅਧਿਕਾਰੀਆਂ ਨੂੰ ਸੂਚਿਤ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕਿੰਨੇ ਹੈਪੀ ਸੀਡਰ, ਸੁਪਰ ਐਸ.ਐਮ.ਐਸ., ਮਲਚਰ, ਰੋਟਾਵੇਟਰ, ਪੈਡੀ ਸਟਰਾਅ ਚੌਪਰ ਅਤੇ ਜ਼ੀਰੋ ਟੀਲ ਡਰਿੱਲ ਹਨ ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡਾਂ ‘ਚ ਬਣਾਏ ਗਏ ਕਿਸਾਨ ਮਿੱਤਰ ਤੇ ਅਗਾਂਹਵਧੂ ਕਿਸਾਨਾਂ ਨੂੰ ਲਾਮਬੰਦ ਕਰਕੇ ਪਰਾਲੀ ਨਾ ਸਾੜਨ ਵਿਰੁੱਧ ਜਾਗਰੂਕਤਾ ਮੁਹਿੰਮ ਹੋਰ ਤੇਜ ਕਰਨ ਅਤੇ ਜਿਨ੍ਹਾਂ ਕਿਸਾਨ ਮਿੱਤਰਾ ਅਤੇ ਅਗਾਂਹਵਧੂ ਕਿਸਾਨਾਂ ਵੱਲੋਂ ਜਾਗਰੂਕ ਕਰਕੇ ਪਰਾਲੀ ਸਾੜਨ ਦੇ ਮਾਮਲਿਆਂ ‘ਚ ਕਮੀ ਕਰਨ ਵਾਲੇ ਕਿਸਾਨਾਂ ਦੇ ਨਾਮ ਦੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਟੇਟ ਅਵਾਰਡ ਲਈ ਸਿਫ਼ਾਰਸ਼ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੈਪੀ ਸੀਡਰ ਜੋ ਗਰੁੱਪਾਂ ਨੂੰ ਦਿੱਤੇ ਗਏ ਹਨ ਉਨ੍ਹਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਅਤੇ ਇਸ ਸਬੰਧੀ ਲਾਗ ਬੁੱਕ ਤਿਆਰ ਕੀਤੀ ਜਾਵੇ। ਉਨ੍ਹਾਂ ਏ.ਡੀ.ਓ. ਅਤੇ ਏ.ਆਰ. ਨੂੰ ਰੋਜ਼ਾਨਾ ਪਿੰਡਾ ਵਿਚ ਜਾਕੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨਾਲ ਹੁੰਦੇ ਨੁਕਸਾਨ ਬਾਰੇ ਜਾਣੂ ਕਰਵਾਉਣ ਦੀ ਹਦਾਇਤ ਕੀਤੀ।
ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਐਸ.ਪੀ. ਸਿਟੀ ਸ. ਨਵਨੀਤ ਸਿੰਘ ਬੈਸ, ਐਸ.ਡੀ.ਐਮ. ਦੁਧਨਸਾਧਾਂ ਸ੍ਰੀ ਅੰਕੁਰ ਜੀਤ ਸਿੰਘ, ਐਸ.ਡੀ.ਐਮ. ਪਟਿਆਲਾ ਸ. ਚਰਨਜੀਤ ਸਿੰਘ, ਐਸ.ਡੀ.ਐਮ. ਪਾਤੜਾਂ ਸ੍ਰੀਮਤੀ ਪਾਲਿਕਾ ਅਰੋੜਾ ਅਤੇ ਐਸ.ਡੀ.ਐਮ. ਨਾਭਾ ਸ੍ਰੀ ਕਾਲਾ ਰਾਮ ਕਾਂਸਲ, ਸਹਾਇਕ ਕਮਿਸ਼ਨਰ (ਯੂ.ਟੀ.) ਸ. ਜਗਨੂਰ ਸਿੰਘ ਗਰੇਵਾਲ, ਸਹਾਇਕ ਕਮਿਸ਼ਨਰ (ਯੂ.ਟੀ.) ਜਸਲੀਨ ਕੌਰ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਸ. ਸਰਬੇਸ਼ਵਰ ਸਿੰਘ ਮੋਹੀ, ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਸੁਰਜੀਤ ਸਿੰਘ ਵਾਲੀਆ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *