ਕਵਿਤਰੀ ਤੇ ਗਾਇਕਾ ਅਨੁਰਾਧਾ ਸ਼ਰਮਾ ਦੀ ਅਗਵਾਈ ਹੇਠ ” ਸੁਰ ਮਹਿਮਾ ” ਵਿਸ਼ਾਲ ਗੀਤ – ਸੰਗੀਤ ਪ੍ਰੋਗਰਾਮ ਆਯੋਜਿਤ
ਪਟਿਆਲਾ 19 ਮਾਰਚ
ਆਧੁਨਿਕ ਗੀਤਾਂ ਅਤੇ ਕੋਰੋਕੇ ਦੇ ਖੇਤਰ ਵਿੱਚ ਚੰਗਾਂ ਨਾਮਣਾ ਖੱਟਣ ਵਾਲੀ ਪ੍ਰਸਿੱਧ ਗੈਰ ਸਰਕਾਰੀ ਸੰਸਥਾਂ ਸਪਤ ਸਵਰੰਜਲੀ ਵਲੋਂ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਵਿੱਚ ਸਥਿਤ ਦੀ ਡਗਸਈ ਮੈਨੂਯਰ ਰਿਸੋਰਟ ਵਿਖੇ ਵਿਸ਼ਾਲ ਸੰਗੀਤਕ ਪ੍ਰੋਗਰਾਮ ” ਸੁਰ ਮਹਿਮਾ” ਦਾ ਬੇਹੱਦ ਸਫ਼ਲ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਵਿੱਚ ਸ਼ਿਮਲਾ ਤੋਂ ਸਵਾਮੀ ਯੋਗਾਨੰਦ ਪ੍ਰਭੂ, ਹਰਿਆਣਾ ਤੋਂ ਸਮਾਜ ਸੇਵਿਕਾ ਅੰਜਲੀ ਵਧਾਵਨ, ਪੰਜਾਬ ਤੋਂ ਉੱਘੇ ਸਮਾਜ ਸੇਵਕ ਤੇ ਸੰਗੀਤ ਪ੍ਰੇਮੀ ਭਗਵਾਨ ਦਾਸ ਗੁਪਤਾ ਅਤੇ ਚੰਡੀਗੜ੍ਹ ਤੋਂ ਭਾਸ਼ਾ ਵਿਭਾਗ ਦੇ ਸਾਬਕਾ ਅਧਿਕਾਰੀ ਬਲਕਾਰ ਸਿੱਧੂ ਵਿਸ਼ੇਸ਼ ਮਹਿਮਾਨ ਸਨ। ਸੰਸਥਾਂ ਦੀ ਮੁੱਖ ਸੰਚਾਲਕ, ਕਵਿੱਤਰੀ ਅਤੇ ਗਾਇਕਾ ਅਨੁਰਾਧਾ ਸ਼ਰਮਾ ਅਤੇ ਰਿਸੋਰਟ ਦੇ ਮਾਲਕ ਹੇਮੰਤ ਸ਼ਰਮਾ ਨੇ ਹਿਮਾਚਲ ਦੀ ਪੁਰਾਤਨ ਰਵਾਇਤ ਅਨੁਸਾਰ ਸਾਰੇ ਵਿਸ਼ੇਸ਼ ਮਹਿਮਾਨਾਂ, ਕਲਾਕਾਰਾਂ ਅਤੇ ਸਰੋਤਿਆਂ ਦਾ ਫੁੱਲਾਂ ਦੇ ਹਾਰ ਤੇ ਬੂਕਿੱਆਂ ਨਾਲ ਸਵਾਗਤ ਤੇ ਮਾਣ ਸਨਮਾਨ ਕੀਤਾ। ਮੰਚ ਸੰਚਾਲਨ ਦੇ ਫ਼ਰਜ਼ ਡਾ: ਵਿਕਰਮ ਚੌਹਾਨ ਨੇ ਬਾਖੂਬੀ ਨਿਭਾਏ । ਵਿਕਾਸ ਪਾਠਕ ਅਤੇ ਹਰਮੀਤ ਸਿੰਘ ਦਾ ਰੌਸ਼ਨੀ ਤੇ ਆਵਾਜ਼ ਪ੍ਰਬੰਧ ਸ਼ਲਾਘਾਯੋਗ ਸੀ।
ਸ਼ਾਹੀ ਸ਼ਹਿਰ ਪਟਿਆਲਾ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਉੱਘੇ ਸਮਾਜ ਸੇਵੀ ਅਤੇ ਸੰਗੀਤ ਪ੍ਰੇਮੀ ਭਗਵਾਨ ਦਾਸ ਗੁਪਤਾ ਨੇ ਕਿਹਾ ਕਿ ਪੱਛਮ ਤੋਂ ਬਾਅਦ ਹੁਣ ਆਧੁਨਿਕ ਕੋਰੋਕੇ ਸੰਗੀਤ ਨੇ ਉੱਤਰ ਭਾਰਤ ਵਿੱਚ ਵੀ ਆਪਣੀ ਵੱਖਰੀ ਨਿਵੇਕਲੀ ਪਛਾਣ ਬਣਾ ਲਈ ਹੈ। ਗੀਤ ਸੰਗੀਤ ਰੂਹ ਲਈ ਪੋਸ਼ਣ, ਜ਼ਖਮੀ ਅਤੇ ਟੁੱਟੇ ਦਿਲਾਂ ਲਈ ਦਵਾਈ ਦੇ ਤੌਰ ਤੇ ਮਲ੍ਹਮ ਦਾ ਕੰਮ ਕਰਦਾ ਹੈ।ਉਹਨਾਂ ਨੇ ਕੋਰੋਕੇ ਸੰਗੀਤ ਦੀ ਅਥਾਹ ਪ੍ਰਸਿੱਧੀ ਕਾਰਨ ਰਵਾਇਤੀ ਸਾਜ਼ਾਂ ਦੇ ਕਲਾਕਾਰਾਂ ਦੀ ਘਟ ਰਹੀ ਮੰਗ ਤੇ ੳਹਨਾਂ ਦੇ ਹੋ ਰਹੇ ਆਰਥਿਕ ਨੁਕਸਾਨ ਬਾਰੇ ਵੀ ਗੰਭੀਰ ਚਿੰਤਾ ਪ੍ਰਗਟ ਕੀਤੀ।
ਪ੍ਰੋਗਰਾਮ ਨੂੰ ਵਿਸ਼ੇਸ਼ ਮਹਿਮਾਨ ਅੰਜਲੀ ਵਧਾਵਨ ਨੇ ਵੀ ਸੰਬੋਧਨ ਕੀਤਾ ਤੇ ਆਯੋਜਕਾਂ ਦੀ ਭਰਵੀਂ ਸ਼ਲਾਘਾ ਕੀਤੀ। ਸਵਾਮੀ ਯੋਗਨੰਦ ਪ੍ਰਭੂ ਤੇ ਬਲਕਾਰ ਸਿੱਧੂ ਨੇ ਆਪਣੇ ਵਲੋਂ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਕੀਤੀ।
ਪ੍ਰੋਗਰਾਮ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ 50 ਤੋਂ ਵੀ ਵੱਧ ਪ੍ਰਪੱਕ ਤੇ ਨਵੇਂ ਉਭਰਦੇ ਕੋਰੋਕੇ ਕਲਾਕਾਰਾਂ ਨੇ ਭਾਗੀਦਾਰੀ ਕੀਤੀ।
ਰਾਮ ਅਰੋੜਾ ਅਤੇ ਬਿੰਦੂ ਅਰੋੜਾ ਨੇ ਪ੍ਰਸਿੱਧ ਫਿਲਮੀ ਦੋਗਾਣਾ ” ਦਿਲ ਮੇਂ ਜ਼ਰਾ ਸੀ ਜਗਾਹ ” ਪੇਸ਼ ਕੀਤਾ। ਗੀਤ ਦੇ ਨਾਲ ਨਾਲ ਜੋੜੀ ਦੀ ਮਨਮੋਹਕ ਅਦਾਵਾਂ ਨੇ ਸੱਭ ਨੂੰ ਆਕ੍ਰਸ਼ਿਤ ਕੀਤਾ। ਸਾਬਕਾ ਕਰਨਲ ਬੀ.ਕੇ. ਸ਼ਰਮਾ ਅਤੇ ਅਨੁਰਾਧਾ ਸ਼ਰਮਾ ਦੇ ਦੋਗਾਣਾ “ਵਾਅਦਾ ਕਰਲੇ ਸਜਨਾ ਤੇਰੇ ਬਿਨ ਮੈਂ ਨਾ ਰਹੁੰਂ ਹੋ ਕੇ ਜੁਦਾ” ਨੇ ਚੰਗੀ ਛਾਪ ਛੱਡੀ।ਸ਼ਾਹੀ ਸ਼ਹਿਰ ਦੇ ਅਸ਼ਵਨੀ ਮਹਿਤਾ ਨੇ ਸੰਗੀਤਕਾਰ ਕਲਿਆਣ ਆਨੰਦ ਜੀ ਦਾ ਬਹੁਤ ਹੀ ਮਸ਼ਹੂਰ ਗੀਤ “ਪਲ ਪਲ ਦਿਲ ਕੇ ਪਾਸ ਤੁਮ ਰਹਿਤੀ ਹੋ” ਗਾ ਕੇ ਆਪਣੀ ਕਲਾ ਦਾ ਸਬੂਤ ਦਿੱਤਾ। ਫਿਰ ਵਾਰੀ ਆਈ ਉਭੱਰਦੇ ਗਾਇਕ ਅਭਿਜੀਤ ਦੀ ਜਿਸਨੇ ਛੋਟੀ ਉਮਰ ਵਿੱਚ ਹੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਉਸਨੇ ਆਨੰਦ ਬਖਸ਼ੀ ਦੁਆਰਾ ਲਿਖੇ ਆਰ.ਡੀ.ਬਰਮਨ ਦੇ ਸੰਗੀਤ ਨਿਰਦੇਸ਼ਨ ਵਿੱਚ ਕਿਸ਼ੋਰ ਕੁਮਾਰ ਦਾ ਮਸ਼ਹੂਰ ਫਿਲਮ “ਮਹਿਬੂਬਾ ” ਦਾ ਰਿਕਾਰਡ ਗੀਤ ” ਮੇਰੇ ਨੈਨਾਂ ਸਾਵਨ ਭਾਦੋਂ ਫਿਰ ਵੀ ਮੇਰਾ ਮਨ ਪਿਆਸਾ’ ਪੇਸ਼ ਕੀਤਾ। ਡੀ.ਐਸ. ਪੁਰੀ ਵਲੋਂ ਗਾਇਆ ਮੌ.ਰਫੀ਼ ਦਾ ਮਸ਼ਹੂਰ ਗੀਤ “ਓ ਮੇਰੀ ਮਹਿਬੂਬਾ” ਪ੍ਰੋਗਰਾਮ ਦੀ ਰੌਣਕ ਬਣਿਆ। ਪਟਿਆਲੇ ਦੇ ਨੌਜਵਾਨ ਪੀੜ੍ਹੀ ਦੇ ਕਾਬਲ ਕੋਰੋਕੇ ਗਾਇਕ ਸੁਨੀਲ ਗਰਗ ਦਾ ਦਰਸ਼ਕਾਂ ਵੱਲੋਂ ਭਰਪੂਰ ਤਾੜੀਆਂ ਨਾਲ ਸਵਾਗਤ ਕੀਤਾ ਗਿਆ ਅਤੇ ਨੌਜਵਾਨਾਂ ਨੇ ਮਸ਼ਹੂਰ ਗੀਤ ”ਦੋ ਦਿਲ ਮਿਲ ਰਹੇ ਹੈਂ’ ਤੇ ਡਾਂਸ ਵੀ ਕੀਤਾ। ਗੁਰਪ੍ਰੀਤ ਪ੍ਰੀਤ ਨੇ ਪੰਜਾਬੀ ਗੀਤ “ਤੇਰੀ ਮੇਰੀ ਗੱਲ ਬਣ ਗਈ” ਦੀ ਪੇਸ਼ਕਾਰੀ ਕਰਕੇ ਆਪਣੀ ਹਾਜ਼ਰੀ ਲਗਵਾਈ। ਦੀਪਕ ਭਟਨਾਗਰ ਨੇ ਗੀਤ “ਮੇਰੇ ਪੈਰੋਂ ਮੈਂ ਘੁੰਘਰੂ ਬੰਧਾ ਦੇ ਤੋ ਫਿਰ ਮੇਰੀ ਚਾਲ ਦੇਖ ਲੇ” ਪੇਸ਼ ਕਰਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ। .
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਸੁਰਿੰਦਰ ਛਾਬੜਾ, ਡਾ.ਓ.ਪੀ.ਤਨੇਜਾ, ਡਾ. ਸੰਜੀਤ ਸੋਢੀ, ਡਾ. ਲਵਲੀਨ ਸੋਢੀ, ਪ੍ਰੇਮ ਸੇਠੀ, ਐੱਸ.ਪੀ.ਦੁਗਲ, ਇੰਦਰਜੀਤ ਸਿੰਘ, ਕਮਲਜੀਤ ਸੇਠੀ, ਮਧੂਸੂਦਨ, ਕਿਰਨ ਸੂਰੀ, ਜਯੋਤੀ ਰਾਣਾ, ਸਤੀਸ਼ ਕੁਮਾਰ, ਪ੍ਰੇਮ ਲਤਾ ਗੁਪਤਾ, ਵਿੱਕੀ ਮਦਾਨ, ਡਾ: ਇੰਦਰਜੀਤ ਸਿੰਘ ਅਤੇ ਅਨਿਲ ਸੂਦ ਵੀ ਹਾਜ਼ਰ ਸਨ|