ਫੈਮਿਲੀ ਮੈਂਬਰ ਇੱਕ ਅਜਿਹਾ ਸ਼ਬਦ ਹੈ ਜਿਸ ਦੀ ਪਰਿਭਾਸ਼ਾ ਹਰ ਕੋਈ ਜਾਣਦਾ ਹੈ। ਭਾਵ ਉਹ ਮੈਂਬਰ ਜੋ ਪਰਿਵਾਰ ਦਾ ਹੀ ਇੱਕ ਹਿੱਸਾ ਸਮਝਿਆ ਜਾਂਦਾ ਹੈ।ਜਾਂ ਇੰਝ ਕਹਿ ਲਵੋ ਕਿ ਜਿਸ ਦੀ ਕੀਮਤ ਪਰਿਵਾਰ ਦੇ ਮੈਂਬਰਾਂ ਤੋਂ ਵੱਧ ਹੋਵੇ।ਇਸ ਫੈਮਿਲੀ ਮੈਂਬਰ ਵਿੱਚੋਂ ਤੁਹਾਡਾ ਕੋਈ ਦੋਸਤ ਵੀ ਹੋ ਸਕਦਾ ਹੈ। ਕੋਈ ਦੂਰ ਦਾ ਅਜਿਹਾ ਰਿਸ਼ਤੇਦਾਰ ਵੀ ਹੋ ਸਕਦਾ ਹੈ ਜੋ ਬਾਕੀਆਂ ਕੋਲੋਂ ਅਣਗੋਲਿਆਂ ਗਿਆ ਹੋਵੇ।ਜਾਂ ਫਿਰ ਕੋਈ ਆਂਢੀ ਗੁਆਂਢੀ ਜਿਹੜਾ ਤੁਹਾਡੇ ਹਰ ਦੁੱਖ ਸੱੁਖ ਜਾਂ ਘਰੇਲੂਕੰਮਾਂ ਵਿੱਚ ਤੁਹਾਡਾ ਸਾਥ ਦੇਵੇ।ਇਸ ਫੈਮਿਲੀ ਮੈਂਬਰ ਦਾ ਕੰਮ ਹੁੰਦਾ ਹੈ ਆਨੇ ਬਹਾਨੇ ਕਿਸੀ ਨਾ ਕਿਸੀ ਤਰ੍ਹਾਂ ਤੁਹਾਡੇ ਨੇੜੇ ਤੇੜੇ ਰਹਿਣਾ।ਆਪਣੇ ਇਸ ਮਕਸਦ ਲਈ ਉਹ ਤੁਹਾਡੇ ਬੱਚਿਆਂ ਨੂੰ ਸਕੂਲ ਛੱਡ ਕੇ ਆਵੇਗਾ,ਘਰ ਵਿੱਚ ਰਾਸ਼ਨ ਵੀ ਢੋ ਕੇ ਲੈ ਆਵੇਗਾ।ਜੇ ਕੁਝ ਹੋਰ ਨਹੀਂ ਤਾਂ ਤੁਹਾਡੇ ਬੱਚਿਆਂ ਨੂੰ ਟਿਊਸ਼ਨ ਹੀ ਪੜਾਉਣ ਲੱਗ ਜਾਵੇਗਾ।ਫਿਰ ਤੁਸੀਂ ਉਸ ਤੋਂ ਪਿੱਛਾ ਨਹੀਂ ਛੁਡਾ ਸਕੋਗੇ।ਉਹ ਵੇਲੇ ਕੁਵੇਲੇ ਤੁਹਾਡੇ ਘਰ ਆ ਜਾਵੇਗਾ।ਦਰਵਾਜ਼ਾ ਖੜਕਾਉਣ ਜਾਂ ਘੰਟੀ ਵਜਾਉਣ ਦੀ ਵੀ ਤਕਲੀਫ ਨਹੀਂ ਕਰੇਗਾ।ਜਿਵੇਂ ਉਸਦੇ ਬਾਪ ਦਾ ਰਾਜ਼ ਹੋਵੇ। ਤੁਹਾਡੀ ਹਰ ਗੱਲ ਬਾਤ ਵਿੱਚ ਆਪਣੀ ਰਾਏ ਦੇਣ ਨੂੰ ਆਪਣਾ ਹੱਕ ਸਮਝੇਗਾ।ਚਾਹੇ ਤੁਹਾਡੇ ਘਰ ਕੋਈ ਬਹੁਤ ਹੀ ਜ਼ਰੂਰੀ ਮਹਿਮਾਨ ਆਏ ਹੋਣ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਬੈਠੇ ਹੋਣ ।ਉਹ ਆਪ ਅੱਗੇ ਹੋ ਕੇ ਸਾਰਿਆਂ ਨੂੰ ਪਲੇਟਾਂ ਸਰਵ ਕਰੇਗਾ।ਜਿਵੇਂ ਘਰ ਦਾ ਅਸਲੀ ਮੈਂਬਰ ਉਹੀ ਹੋਵੇ ਅਤੇ ਤੁਸੀਂ ਉਸਦੇ ਮਹਿਮਾਨ ਹੋਵੋ।
ਅਜਿਹੇ ਫੈਮਿਲੀ ਮੈਂਬਰ ਤੁਹਾਡੇ ਘਰ ਵਿੱਚ ਇਸ ਤਰ੍ਹਾਂ ਹਿਲ ਮਿਲ ਜਾਣਗੇ ਕਿ ਤੁਸੀਂ ਆਪ ਹੈਰਾਨ ਹੋਵੋਗੇ ਕਿ ਇਹ ਕੀ ਹੋ ਰਿਹਾ ਹੈ।ਅਜਿਹੇ ਫੈਮਿਲੀ ਮੈਂਬਰ ਤੁਹਾਡੀ ਹਰ ਚੀਜ਼ ਉੱਪਰ ਆਪਣਾ ਹੀ ਹੱਕ ਸਰਝਦੇ ਹਨ।ਕੋਈ ਚੀਜ਼ ਮੰਗਣ ਵਿੱਚ ਰੱਤਾ ਸ਼ਰਮ ਨਹੀਂ ਕਰਨਗੇ ਬਲਕਿ ਤੁਹਾਡੇ ਤੋਂ ਬਿਨਾਂ ਪੱੁਛੇ ਵੀ ਚੱੁਕ ਲੈਣਗੇ।ਸਾਰਾ ਸਾਰਾ ਦਿਨ ਤੁਹਾਡੇ ਸਕੂਟਰ ਜਾਂ ਕਾਰ ੳੱੁਪਰ ਝੂਟੇ ਲੈਣ ਤੋਂ ਬਾਅਦ ਪੈਟਰੋਲ ਖਾਲੀ ਕਰਕੇ ਤੁਹਾਡੇ ਹਵਾਲੇ ਕਰ ਦੇਣਗੇ।ਜੇ ਤੁਹਾਡੇ ਵਹੀਕਲ ਦਾ ਕੋਈ ਪੁਰਜ਼ਾ ਵੀ ਖਰਾਬ ਹੋ ਜਾਵੇ ਤਾਂ ਵੀ ਉਸ ਤੋਂ ਅਨਜਾਣ ਬਣਨ ਦੀ ਕੋਸਿ਼ਸ਼ ਕਰਨਗੇ।ਇਹੋ ਜਿਹੇ ਮੈਂਬਰ ਜੇ ਡਾਕਟਰੇ ਜਾਂ ਅਧਿਆਪਕ ਹੋਣ ਤਾਂ ਹੋਰ ਵੀ ਸੋਨੇ ਤੇ ਸੁਹਾਗਾ ਸਮਝੋ।ਤੁਹਾਡੇ ਇਲਾਜ ਮੁਫਤ ਕਰਦੇ ਕਰਦੇ ਜੇ ਤੁਹਾਡੀ ਧੀ ਭੈਣ ੳੰੱੁਤੇ ਵੀ ਅੱਖ ਮੈਲੀ ਕਰ ਲੈਣ ਤਾਂ ਤੁਸੀਂ ਲਿਹਾਜ ਦੇ ਮਾਰੇ ਕੁਝ ਵੀ ਨਹੀਂ ਕਹਿ ਸਕੋਗੇ।ਕਿਉਂਕਿ ਉਹ ਤੁਹਾਡਾ ਫੈਮਿਲੀ ਮੈਂਬਰ ਜੋ ਹੋਇਆ।ਅਜਿਹੀਆਂ ਖਬਰਾਂ ਅਸੀਂ ਨਿੱਤ ਅਖਬਾਰਾਂ ਵਿੱਚ ਪੜ੍ਹਦੇ ਹਾਂ ਕਿ ਫਲਾਣਾ ਫਲਾਣੇ ਦੀ ਕੁੜੀ ਨੂੰ ਵਰਗਲਾ ਕੇ ਲੈ ਗਿਆ ਅਤੇ ਸਰਵੇਖਣ ਤੋਂ ਪਤਾ ਲੱਗਿਆ ਕਿ ਉਹ ਉਸੇ ਦਾ ਫੈਮਿਲੀ ਮੈਂਬਰ ਹੀ ਸੀ।ਸੋ ਇਹ ਦੁਨੀਆਂ ਬੜੀ ਰੰਗ ਰੰਗੀਲੀ ਹੈ ਅਤੇ ਅਜਿਹੇ ਹੀ ਰੰਗ ਰੰਗੀਲੇ ਹਨ ਤੁਹਾਡੇ ਫੈਮਿਲੀ ਮੈਂਬਰ।