ਪਿੰਡਾਂ ਵਿੱਚ ਕਵੀ ਦਰਬਾਰ ਅਤੇ ਸਾਹਿਤਕ ਸੈਮੀਨਾਰ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ- ਭਗਵਾਨ ਦਾਸ ਗੁਪਤਾ
ਪਟਿਆਲਾ 15 ਨਵੰਬਰ
ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ
ਸ਼ਾਲੂ ਮਹਿਰਾ ਦੀ ਸਰਪ੍ਰਸਤੀ ਹੇਠ ਮਾਂ ਬੋਲੀ ਪੰਜਾਬੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਕਵੀ ਦਰਬਾਰ ਅਤੇ ਸਾਹਿਤਕ ਪ੍ਰੋਗਰਾਮ ਪੰਜਾਬੀ ਮਹੀਨੇ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬਲਬੇੜਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਵਿਦਿਆਰਥੀਆਂ ਸਮੇਤ ਕਵੀਆਂ ਨੇ ਭਾਗ ਲਿਆ। ਕਵੀ ਦਰਬਾਰ ਵਿੱਚ ਸਕੂਲ ਦੇ ਬਾਲ ਕਵੀਆਂ ਅਤੇ ਬਾਲ ਗਾਇਕਾਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਕਵੀ ਦਰਬਾਰ ਦਾ ਆਯੋਜਨ ਪੁਆਧੀ ਬੋਲੀ ਦੇ ਕ੍ਰਾਂਤੀਕਾਰੀ ਅਤੇ ਦਲੇਰ ਕਵੀ ਸਤੀਸ਼ ਵਿਦਰੋਹੀ ਅਤੇ ਸਕੂਲ ਸਟਾਫ਼ ਮੈਂਬਰਾਂ ਵੱਲੋਂ ਕੀਤਾ ਗਿਆ। ਉਘੇ ਸਮਾਜ ਸੇਵੀ ਵਾਤਾਵਰਨ ਤੇ ਸਾਹਿਤ ਪ੍ਰੇਮੀ ਭਗਵਾਨ ਦਾਸ ਗੁਪਤਾ ਡਿਪਟੀ ਗਵਰਨਰ ਇਲੈੱਕਟ ਰੋਟਰੀ ਇੰਟਰਨੈਸ਼ਨਲ ਤੇ ਸਰਪ੍ਰਸਤ ਭਾਰਤੀ ਰੈਡ ਕਰਾਸ ਸੁਸਾਇਟੀ ਪਟਿਆਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਸਤੀਸ਼ ਵਿਦਰੋਹੀ ਨੇ ਮੁੱਖ ਮਹਿਮਾਨ, ਸਮੂਹ ਪਤਵੰਤਿਆਂ, ਪਿੰਡ ਬਲਬੇੜਾ ਦੇ ਨਵ-ਨਿਯੁਕਤ ਸਰਪੰਚ ਕੁਲਵੰਤ ਸਿੰਘ ਅਤੇ ਗ੍ਰਾਮ ਪੰਚਾਇਤ ਮੈਂਬਰਾਂ, ਵਿਦਿਆਰਥੀਆਂ ਦੇ ਮਾਪਿਆਂ ਅਤੇ ਕਵੀਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਹ ਕਵੀ ਦਰਬਾਰ ਹਰ ਸਾਲ ਨਵੰਬਰ ਮਹੀਨੇ ਵਿੱਚ ਕਰਵਾਇਆ ਜਾਂਦਾ ਹੈ। ਜਿਸ ਦਾ ਇੱਕੋ ਇੱਕ ਉਦੇਸ਼ ਪੰਜਾਬੀ ਮਾਂ ਬੋਲੀ ਅਤੇ
ਪੰਜਾਬੀ ਸੱਭਿਆਚਾਰ ਨਾਲ ਜੁੜਨਾ ਹੈ।
ਸਕੂਲ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿੱਚ ਲਿਖੇ ਇੱਕ ਸੁੰਦਰ ਗੀਤ ਨਾਲ ਸ਼ੁਰੂਆਤ ਕੀਤੀ, ਉਪਰੰਤ ਪੰਜਾਬੀ ਕਵੀਆਂ ਵੱਲੋਂ ਆਪਣੀਆਂ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਨਾਲ ਪੇਸ਼ਕਾਰੀ ਕੀਤੀ ਗਈ।
ਪੁਆਧੀ ਬੋਲੀ ਦੇ ਪ੍ਰਸਿੱਧ ਕਵੀ ਚਰਨ ਪੁਆਧੀ ਨੇ ਆਪਣੀ ਹਾਸਰਸ ਕਵਿਤਾ ” ਮਾਰੇ ਪਿੰਡ ਮਾਂ ਬੁੜੀਆਂ ਬੜੀਆਂ” ਪੇਸ਼ ਕੀਤੀ। ਮੁਖ ਆਯੋਜਕ ਸਤੀਸ਼ ਵਿਦਰੋਹੀ ਨੇ ਇੱਕ ਕਵਿਤਾ “ਆਉ ਥੋੜਾ ਹੱਸ ਨਾ ਲਈਏ” ਬੋਲਕੇ ਆਪਣੀ ਕਲਾ ਦਾ ਲੋਹਾ ਮਨਵਾਇਆ।
ਸਾਬਕਾ ਇੰਸਪੈਕਟਰ ਪੰਜਾਬ ਪੁਲਿਸ ਗੁਰਪ੍ਰੀਤ ਢਿਲੋਂ ਵਲੋਂ ਪੇਸ਼ ਕੀਤਾ ਗੀਤ ਸਰੋਤਿਆਂ ਵਲੋ ਬੇਹੱਦ ਪਸੰਦ ਕੀਤਾ ਗਿਆ। ਸੁਰਿੰਦਰ ਕੌਰ ਬਾੜਾ ਪ੍ਰਧਾਨ ਨਾਰੀ ਚੇਤਨਾ ਮੰਚ ਪੰਜਾਬ ਨੇ ਇੱਕ ਪੰਜਾਬੀ ਸੂਫ਼ੀ ਗੀਤ ਗਾਇਆ ਜੋਕਿ ਕਾਫੀ ਪਸੰਦ ਕੀਤਾ ਗਿਆ। ਹਾਸ ਕਵੀ ਬਜਿੰਦਰ ਠਾਕੁਰ ਨੇ ਵੀ ਇੱਕ ਹਾਸਰਸ ਕਵਿਤਾ ਪੇਸ਼ ਕੀਤੀ। ਬਲਬੀਰ ਦਿਲਦਾਰ (ਰੇਡੀਓ, ਟੀ.ਵੀ. ਪੰਜਾਬੀ ਗਾਇਕ) ਨੇ ਆਪਣੀ ਦਿਲਕਸ਼ ਆਵਾਜ਼ ਵਿੱਚ ਸਤੀਸ਼ ਵਿਦਰੋਹੀ ਦਾ ਲਿਖਿਆ ਇੱਕ ਖੂਬਸੂਰਤ ਗੀਤ ਪੇਸ਼ ਕੀਤਾ।ਸਾਬਕਾ ਕੈਪਟਨ ਚਮਕੌਰ ਸਿੰਘ ਚਾਹਲ ਦੀ ਕ੍ਰਾਂਤੀਕਾਰੀ ਕਵਿਤਾ ਨੂੰ ਤਾੜੀਆਂ ਨਾਲ ਭਰਪੂਰ ਦਾਦ ਮਿਲੀ। ਨਾਰੀ ਸ਼ਕਤੀ ਰਮਾਂ ਰਮੇਸ਼ਵਰੀ, ਅਤੇ ਅਧਿਆਪਕਾ ਸਨੇਹਦੀਪ ਨੇ ਵੀ ਆਪਣੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ ਸਾਂਝੀਆਂ ਕੀਤੀਆਂ।ਸਕੂਲ ਮੁਖੀ ਰਜੀਵ ਸੂਦ ਨੇ ਵੀ ਆਪਣੀ ਇੱਕ ਬੇਹਤਰੀਨ ਰਚਨਾ ਪੇਸ਼ ਕਰਕੇ ਸੱਭਨਾਂ ਦਾ ਮਨ ਮੋਹ ਲਿਆ। ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਨੇ ਕਵੀ ਦਰਬਾਰ ਅਤੇ ਸਾਹਿਤਕ ਸੈਮੀਨਾਰ ਪਿੰਡਾਂ ਅਤੇ ਕਸਬਿਆਂ ਵਿੱਚ ਕਰਵਾਉਣ ਦੇ ਉਪਰਾਲੇ ਕਰਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਕਸਬਿਆਂ ਵਿੱਚ ਅਜਿਹੇ ਸਮਾਗਮ ਕਰਵਾਉਣ ਦੀ ਵਧੇਰੇ ਲੋੜ ਹੈ ਤਾਂ ਜੋ ਪਿੰਡ ਵਾਸੀ ਇਸਦਾ ਵੱਧ ਤੋਂ ਵੱਧ ਲਾਭ ਉਠਾ ਸਕਣ ਅਤੇ ਇਸ ਨਾਲ ਜਿੱਥੇ ਪੰਜਾਬੀ ਸੱਭਿਆਚਾਰ ਪ੍ਰਤੀ ਲੋਕਾਂ ਦੀ ਦਿਲਚਸਪੀ ਵਧੇਗੀ ਉਥੇ ੳਹਨਾਂ ਦਾ ਮਨੋਰੰਜਨ ਵੀ ਵਧੀਆ ਹੋਵੇਗਾ।