ਲੋਕ ਪੱਖੀ ਸਹੂਲਤਾ ਵਿੱਚ ਕਮੀ ਨਹੀ ਬਰਦਾਸ਼ਤ ਕੀਤੀ ਜਾਵੇਗੀ^ ਰਣਜੋਧ ਸਿੰਘ ਹਡਾਣਾ
ਪਟਿਆਲਾ 13 ਅਗਸਤ : ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਦੇ ਆਦੇਸ਼ਾ ਮੁਤਾਬਕ ਲੋਕ ਪੱਖੀ ਨੀਤੀਆਂ ਨੂੰ ਪਹਿਲ ਦੇ ਆਧਾਰ ਤੇ ਲਾਗੂ ਕਰਨ ਸੰਬੰਧੀ ਪੀਆਰਟੀਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਵੱਲੋਂ ਸਮਾਣਾ, ਪਾਤੜਾ, ਮੁਣਕ ਆਦਿ ਕਈ ਅੱਡਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨਾਂ ਨਾਲ ਜੀ ਐਮ ਜਤਿੰਦਰਪਾਲ ਸਿੰਘ ਗਰੇਵਾਲ, ਚੀਫ ਇੰਸ ਸੁਖਵਿੰਦਰ ਸਿੰਘ, ਸਬ ਇੰਸ ਗੁਰਪ੍ਰੀਤ ਸਿੰਘ, ਸਬ ਇੰਸ ਜਗਦੇਵ ਸਿੰਘ, ਸਬ ਇੰਸ ਅਮਰਦੀਪ ਸਿੰਘ ਅਤੇ ਹੋਰ ਵਿਭਾਗ ਦੇ ਅਧਿਕਾਰੀ ਮੌਜੂਦ ਰਹੇ।
ਹਡਾਣਾ ਨੇ ਦੱਸਿਆ ਕਿ ਚੈਕਿੰਗ ਦੌਰਾਨ ਪਿੰਡਾਂ ਦੇ ਰੂਟ ਪਰਮਿਟ ਲੈ ਕੇ ਚੱਲਣ ਦੀ ਬਜਾਏ ਪਟਿਆਲਾ ਤੋਂ ਪਾਤੜਾ ਰੋਡ ਤੇ ਨਜਾਇਜ ਢੰਗ ਨਾਲ ਚਲ ਰਹੀ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨੰਬਰ PB-11-8195 ਨੂੰ ਨਜਾਇਜ ਰੂਟ ਪਰਮਿਟ ਦੇ ਆਧਾਰ ਤੇ ਚੱਲਣ ਕਰਕੇ ਕਾਰਵਾਈ ਕੀਤੀ ਗਈ। ਜਦੋ ਕਿ ਇਸ ਰੂਟ ਤੇ ਸਿਰਫ ਪੀਆਰਟੀਸੀ ਦੀ ਬੱਸ ਨੂੰ ਹੀ ਚੱਲਣ ਦੀ ਹਦਾਇਤ ਹੈ। ਇਸ ਤੋਂ ਇਲਾਵਾ ਵਿਭਾਗ ਦੇ ਅਧਿਕਾਰੀਆਂ ਨੂੰ ਪੀਆਰਟੀਸੀ ਨੂੰ ਚੂਨਾ ਲਗਾਉਣ ਵਾਲੀਆਂ ਅਜਿਹੀਆਂ ਹੋਰ ਪ੍ਰਾਈਵੇਟ ਕੰਪਨੀਆਂ ਤੇ ਵੀ ਸ਼ਿਕੰਜਾ ਕਸਣ ਦੇ ਸਖਤ ਨਿਰਦੇਸ਼ ਦਿੱਤੇ।
ਹਡਾਣਾ ਨੇ ਕਿਹਾ ਕਿ ਚੈਕਿੰਗ ਦੌਰਾਨ ਸਫਾਈ ਦੇ ਪ੍ਰਬੰਧ ਦਾ ਜਾਇਜਾ ਲੈਦਿਆਂ ਸਫਾਈ ਪ੍ਰਬੰਧਾਂ ਲਈ ਸਖਤ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਬਣੇ ਪਖਾਣਿਆਂ ਦੀ ਸਫਾਈ, ਅੱਡੇ ਵਿੱਚ ਬਣੀਆਂ ਦੁਕਾਨਾਂ ਦੇ ਆਲੇ ਦੁਆਲੇ ਦੀ ਸਫਾਈ, ਬੱਸਾਂ ਦੇ ਰੂਟਾਂ ਤਹਿਤ ਸਹੀ ਟਾਇਮ ਨਾਲ ਪੁੱਜਣ ਅਤੇ ਸਵਾਰੀਆਂ ਨਾਲ ਬੋਲਬਾਣੀ ਵਿੱਚ ਸਹੀ ਸਲੀਕਾ ਆਦਿ ਦੇ ਵੀ ਸਖਤ ਨਿਰਦੇਸ਼ ਦਿੱਤੇ ਗਏ ਹਨ। ਹਡਾਣਾ ਨੇ ਮੋਕੇ ਤੇ ਖੜੀਆਂ ਸਵਾਰੀਆਂ ਨਾਲ ਵੀ ਅੱਡਿਆਂ ਦੀ ਬਿਹਤਰੀ ਲਈ ਹੋਣ ਵਾਲੇ ਕੰਮਾਂ ਬਾਰੇ ਸੁਝਾਅ ਲਏ।