ਦੋਸਤ ਸੰਸਥਾਂ ਵਲੋਂ ਪਾਰਕਾਂ ਵਿੱਚ ਫ਼ਲਦਾਰ ਬੂਟੇ ਲਗਾਉਣਾ ਸ਼ਲਾਘਾਯੋਗ ਕਦਮ- ਐਸ.ਡੀ.ਐਮ ਅਰਵਿੰਦ ਗੁਪਤਾ

ਫ਼ਲਦਾਰ ਬੂਟੇ ਲਗਾਕੇ ਵਣ ਮਹਾਂਉਤਸਵ ਮਨਾਉਦੇਂ ਹੋਏ ਅਰਵਿੰਦ ਗੁਪਤਾ, ਆਰ.ਐਸ.ਔਲੱਖ, ਮਨਜੀਤ ਬਰਾੜ, ਕੁਲਦੀਪ ਸਿੰਘ ਸਿੱਧੂ ਤੇ ਹੋਰ।

ਪਟਿਆਲਾ 2 ਅਗਸਤ
ਲੰਮੇ ਸਮੇਂ ਤੋਂ ਸਮਾਜਕ ਗਤੀਵਿਧੀਆਂ ਕਰ ਰਹੀ ਡ੍ਰੀਮ੍ਸ ਆਫ਼ ਸੋਸ਼ਲ ਫਰੈਡਜ਼ (ਦੋਸਤ) ਸੰਸਥਾ ਵਲੋਂ ਤਿਕੋਣੇ ਪਾਰਕ, ਮਾਡਲ ਟਾਊਨ ਵਿਖੇ ਫਲਦਾਰ ਬੂਟੇ ਲਗਾਏ ਗਏ। ਦੋਸਤ ਸੰਸਥਾਂ ਦੇ ਪ੍ਰਧਾਨ ਰਵਿੰਦਰ ਸਿੰਘ ਔਲਖ ਸਾਬਕਾ ਜਨਰਲ ਮੇਨੈਜਰ ਪੀਆਰ ਟੀਸੀ ਪਟਿਆਲਾ ਵੱਲੋਂ ਇਹ ਫਲਦਾਰ ਬੂਟੇ ਆਪਣੇ ਸਵਰਗੀ ਪਿਤਾ ਸ੍ਰ. ਗੁਰਦਿੱਤ ਸਿੰਘ ਔਲਖ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਪੰਜਾਬ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਦੀ ਯਾਦ ਵਿੱਚ ਲਗਾਏ ਗਏ।ਇਸ ਪ੍ਰੋਜੇਕਟ ਦੇ ਚੇਅਰਮੈਨ ਪ੍ਰਧਾਨ ਆਰ ਐਸ ਔਲਖ ਖੁਦ ਸਨ। ਇਸ ਪ੍ਰੋਜੇਕਟ ਦਾ ਸਾਰਾ ਖਰਚਾ ਆਰ ਐਸ ਔਲਖ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਰ ਸ: ਸੁਖਦੇਵ ਸਿੰਘ ਘੁੰਮਣ ਵਲੋਂ ਹੀ ਕੀਤਾ ਗਿਆ।
ਇਸ ਮੌਕੇ ਦੀ ਸ਼ੋਭਾ ਵਧਾਉਣ ਅਤੇ ਆਪਣੇ ਹਥੀਂ ਬੂਟੇ ਲਗਾਉਣ ਦੀ ਸੇਵਾ ਨਿਭਾਉਣ ਲਈ ਸ੍ਰੀ ਅਰਵਿੰਦ ਗੁਪਤਾ ਪੀਸੀਐਸ ਸਬ ਡਵੀਜ਼ਨਲ ਮੈਜਿਸਟ੍ਰੇਟ ਪਟਿਆਲਾ ਨੇ ਹਾਜ਼ਰੀ ਲਗਵਾਈ। ਉਹਨਾਂ ਦੋਸਤ ਸੰਸਥਾਂ ਵਲੋਂ ਲਗਾਤਾਰ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਦੀ ਭਰਵੀਂ ਸ਼ਲਾਘਾ ਕੀਤੀ ਅਤੇ ਇਹ ਵੀ ਦੱਸਿਆ ਕਿ ਅਸੀਂ ਕਾਗਜ਼ / ਪੇਪਰ ਦੀ ਵਰਤੋਂ ਘਟਾ ਕੇ ਵੀ ਦਰਖ਼ਤਾਂ ਦਾ ਕੱਟਣਾ ਘਟਾ ਸਕਦੇ ਹਾਂ। ਉਹਨਾਂ ਦਸਿਆ ਕਿ ਉਹ ਖੁਦ ਵੀ ਕਾਗਜ਼ ਦੀ ਵਰਤੋਂ ਬਹੁਤ ਘੱਟ ਕਰਦੇ ਹਨ।
ਆਰ ਐਸ ਔਲਖ ਨੇ ਆਪਣੇ ਖਿਆਲ ਪ੍ਰਗਟਾਉਂਦੇ ਹੋਏ ਕਿਹਾ ਕਿ ਸਾਨੂੰ ਰੁੱਖਾਂ ਨੂੰ ਵੀ ਕੁੱਖਾਂ ਵਾਂਗ ਸਾਂਭਣ ਦੀ ਲੋੜ ਹੈ ਕਿਉਂਕਿ ਰੁੱਖ ਵੀ ਸਾਨੂੰ ਜਨਮ ਤੋਂ ਮਰਨ ਤੱਕ ਆਕਸੀਜਨ, ਫਲ, ਛਾਂ, ਲਕੜੀ ਬਖਸ਼ਦੇ ਹਨ। ਉਹਨਾਂ ਇਹ ਵੀ ਕਿਹਾ ਕਿ ਇਸ ਵੇਲੇ ਦਰਖ਼ਤ/ ਬੂਟੇ ਲਗਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਸੰਭਾਲਣ ਦੀ ਲੋੜ ਹੈ। ਆਰ.ਐਸ.ਔਲਖ ਨੇ ਇਹ ਵੀ ਦੱਸਿਆ ਕਿ ਸੰਸਥਾ ਹੁਣ ਤੱਕ ਇਸ ਮਹੀਨੇ 100 ਫਲਦਾਰ ਬੂਟੇ ਲਗਾ ਚੁੱਕੀ ਹੈ। ਵਣ ਮਹਾਂਉਤਸਵ ਦਾ ਇਹ ਸੰਸਥਾ ਦਾ ਤੀਸਰਾ ਪ੍ਰੋਜੇਕਟ ਹੈ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਜਿੰਦਰ ਸਿੰਘ ਢਿੱਲੋਂ ਨੇ ਵੀ ਦੋਸਤ ਸੰਸਥਾ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਇਹ ਸੰਸਥਾ ਇਕੱਲੇ ਪਟਿਆਲਾ ਹੀ ਨਹੀਂ ਸਗੋਂ ਜਿਥੇ ਵੀ ਲੋੜ ਹੋਵੇ ਅੱਗੇ ਹੋ ਕੇ ਆਪਣਾ ਯੋਗਦਾਨ ਪਾਉਂਦੀ ਹੈ। ਭਾਵੇਂ ਹਸਪਤਾਲਾਂ ਵਿੱਚ ਲੰਗਰ ਸੇਵਾ ਦੀ ਲੋੜ ਹੋਵੇ, ਖੂਨ ਦਾਨ ਦੀ ਲੋੜ ਹੋਵੇ, ਜੰਮੂ ਕਸ਼ਮੀਰ ਦੇ ਅੱਤਵਾਦ ਪੀੜਤ ਪਰਿਵਾਰਾਂ ਦੀ ਮਦਦ ਹੋਵੇ, ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਹੋਵੇ ਆਦਿ। ਉਹਨਾਂ ਨੇ ਇਸ ਸੰਸਥਾ ਨਾਲ ਜੁੜੇ ਹੋਣ ਤੇ ਮਾਣ ਮਹਿਸੂਸ ਕੀਤਾ।
ਦੋਸਤ ਸੰਸਥਾ ਦੇ ਕਾਨੂੰਨੀ ਸਲਾਹਕਾਰ ਮਨਜੀਤ ਸਿੰਘ ਬਰਾੜ ਸਾਬਕਾ ਐਸ. ਪੀ ਪੰਜਾਬ ਪੁਲਿਸ ਅਤੇ ਇਸ ਤੋਂ ਇਲਾਵਾ ਗੋਪਾਲ ਸਿੰਗਲਾ ਅਤੇ ਇੰਦਰਜੀਤ ਸਿੰਘ ਖਰੌੜ ਦੋਵੇਂ ਸਾਬਕਾ ਕੌਂਸਲਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਦੋਸਤ ਸੰਸਥਾਂ ਦੇ ਸਕੱਤਰ ਗੁਰਤੇਜ ਸਿੰਘ ਭੁੱਲਰ, ਸਰਪ੍ਰਸਤ ਭਗਵਾਨ ਦਾਸ ਗੁਪਤਾ ਵਾਤਾਵਰਨ ਤੇ ਕਲਾ ਪ੍ਰੇਮੀ, ਕੁਲਦੀਪ ਸਿੰਘ ਸਿੱਧੂ, ਸੁਖਦੇਵ ਸਿੰਘ ਘੁੰਮਣ ਅਤੇ ਕਈ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਪ੍ਰੋਜੇਕਟ ਵਿਚ ਆਏ ਹਰ ਵਿਅਕਤੀ ਨੇ ਆਪਣੇ ਹੱਥੀਂ ਇੱਕ ਇੱਕ ਰੁੱਖ ਲਗਾ ਕਿ ਆਪਣੀ ਹਾਜ਼ਰੀ ਲਗਵਾਈ।
ਇਸ ਉਪਰੰਤ ਦੋਸਤ ਸੰਸਥਾਂ ਵਲੋਂ ਆਏ ਸਭ ਸੱਜਣਾਂ ਨੂੰ ਠੰਡਾ ਦੁੱਧ, ਲੱਸੀ ਅਤੇ ਨਿੰਬੂ ਪਾਣੀ ਛਕਾਇਆ ਗਿਆ। ਕੁਲਦੀਪ ਸਿੰਘ ਸਿੱਧੂ ਪ੍ਰਧਾਨ ਵੈਲਫੇਅਰ ਐਸੋਸੀਏਸ਼ਨ ਜਿਨ੍ਹਾਂ ਵਲੋਂ ਪਾਰਕ ਦੀ ਸੰਭਾਲ ਕੀਤੀ ਜਾਂਦੀ ਹੈ, ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *