ਪਟਿਆਲਾ (ਦਸਮੇਸ਼ ਪਿਤਾ ਨਿਊਜ਼) – ਇਹ ਅਟੱਲ ਸੱਚਾਈ ਹੈ ਕਿ ਕਿਸੇ ਦੇ ਮ੍ਰਿਤਕ ਹੋਇਆਂ ਨਾਲ ਹੀ ਆਪਣਾ ਸਰੀਰ ਦਾਹਨ ਨਹੀਂ ਕੀਤਾ ਜਾਂਦਾ ਪਰ ਇਹ ਸੰਸਾਰ ਭਾਵਨਾਵਾਂ ਉਪਰ ਖੜ੍ਹਾ ਹੈ। ਪਰਮਾਤਮਾ ਵੀ ਜੀਵ ਦੇ ਭਾਵਾਂ ਕਰਕੇ ਨਿਮਰ ਅਤੇ ਕਿਰਪਾਲੂ ਹੋ ਜਾਂਦਾ ਹੈ। ਸ਼ਹਿਰ ਪਟਿਆਲਾ ਵਿੱਚ ਵੀ ਅਜਿਹੀ ਹੀ ਭਾਣਾ ਵਰਤਿਆ। ਏ.ਐਨ.ਆਈ. ਦੇ ਸਟਿੰਗਰ ਅਤੇ ਜੁਝਾਰੂ ਪੱਤਰਕਾਰ ਅਵਿਨਾਸ਼ ਕੰਬੋਜ ਦੀ 5 ਜੂਨ ਦੀ ਰਾਤ ਕਵਰੇਜ ਕਰਦੇ ਸਮੇਂ ਖੰਬਾ ਉਪਰ ਗਿਰਨ ਨਾਲ ਮੌਤ ਹੋ ਗਈ
। ਇਸ ਉਪਰੰਤ ਸਾਰੀ ਰਾਤ ਪਟਿਆਲਾ ਦਾ ਪੱਤਰਕਾਰ ਭਾਈਚਾਰਾ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੋਰਜਰੀ ਦੇ ਬਾਹਰ ਪ੍ਰਸ਼ਾਸ਼ਨ ਕੋਲ ਗੁਹਾਰ ਲਗਾਉਂਦਾ ਰਿਹਾ। ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰੇ ਨੇ ਪੱਤਰਕਾਰ ਭਰਾ ਵਿਛੜਨ ‘ਤੇ ਪ੍ਰਸ਼ਾਸ਼ਨ ਕੋਲ ਮੁਆਵਜ਼ੇ ਲਈ ਗੁਹਾਰ ਲਗਾਈ ਪਰ ਅਗਲੇ ਦਿਨ ਸਵੇਰ ਤੱਕ ਸਿਰਫ ਦਿਲਾਸਿਆਂ ਨਾਲ ਹੀ ਝੋਲੀ ਭਰੀ। ਜਦੋਂ ਇਹ ਗੱਲ ਪੂਰੇ ਪੰਜਾਬ ਵਿੱਚ ਫੈਲ ਗਈ ਤਾਂ ਖਬਰਾਂ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ। ਤਰਾਸਦੀ ਇਹ ਹੈ ਕਿ ਲੋਕਤੰਤਰ ਦਾ ਚੌਥਾ ਸਤੰਭ, ਸਰਕਾਰੀ ਨੀਤੀਆਂ ਨੂੰ ਲੋਕਾਂ ਦਰਪੇਸ਼ ਪਹੁੰਚਾਉਣ ਵਾਲਾ ਪੱਤਰਕਾਰ ਆਪਣੇ ਲਈ ਨਹੀਂ ਜਿਉਂਦਾ। ਕਵਰੇਜ ਕਰਦਾ-ਕਰਦਾ ਲੋਕਾਂ ਲਈ ਹੀ ਕੁਰਬਾਨ ਹੋ ਜਾਂਦਾ ਹੈ। ਉਸ ਦੀ ਸਾਰ ਸਰਕਾਰ ਨੂੰ ਆਪ ਮੁਹਾਰੇ ਲੈਣੀ ਚਾਹੀਦੀ ਹੈ। ਉਸ ਦੇ ਕਿਰਦਾਰ ਦਾ ਬੇਸ਼ਕੀਮਤੀ ਮੁੱਲ ਹੈ ਪਰ ਜਦੋਂ ਪ੍ਰਸ਼ਾਸ਼ਨ ਅਣਗੌਲਿਆ ਕਰੇ ਤਾਂ ਭਾਈਚਾਰਕ ਸਾਂਝ ਦੀ ਬੁਲੰਦ ਆਵਾਜ਼ ਸਰਕਾਰ ਦੀ ਜ਼ਮੀਨ ਵੀ ਖਿਸਕਾ ਦਿੰਦੀ ਹੈ। ਕੱਲ ਇਹੀ ਵਰਤਾਰਾ ਵਰਤਿਆ। ਸਾਰਾ ਪੱਤਰਕਾਰ ਭਾਈਚਾਰਾ ਇੱਕ ਪਲੇਟਫਾਰਮ ਤੇ ਇਕੱਠਾ ਹੋ ਗਿਆ। ਚੱਕਾ ਜਾਮ ਕਰਨ ਦੀ ਸਥਿਤੀ ਵੀ ਆ ਗਈ। ਇਸ ਉਪਰੰਤ ਪ੍ਰਸ਼ਾਸ਼ਨ ਨੇ ਗੁਹਾਰ ਸੁਣੀ ਅਤੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਇੱਥੇ ਕਿਸੇ ਇੱਕ ਪੱਤਰਕਾਰ ਦਾ ਨਾਮ ਲੈਣਾ ਤਾਂ ਯੋਗ ਨਹੀਂ ਪਰ ਮੋਹਰੀ ਅਤੇ ਆਗੂਆਂ ਤੋਂ ਬਿਨਾਂ ਕਿਸੇ ਸੰਸਥਾ ਦਾ ਵਜੂਦ ਵੀ ਨਹੀਂ ਹੁੰਦਾ। ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ (ਰਜਿ:) ਪਟਿਆਲਾ ਦੇ ਪ੍ਰਧਾਨ ਸ਼੍ਰੀ ਅਨੁਰਾਗ ਸ਼ਰਮਾ ਦੀ ਗਤੀਸ਼ੀਲ ਪੈਰਵੀ ਅਤੇ ਉਹਨਾਂ ਦੇ ਬੋਲਾਂ ਨੇ ਲੋਕਾਂ ਅੰਦਰ ਇਨਸਾਫ ਲਈ ਨਵੀਂ ਰੂਹ ਫੂਕਤੀ। ਸਮੇਂ ਦੀ ਮੰਗ ਹਨ, ਅਜਿਹੇ ਪੱਤਰਕਾਰ ਜਿਹਨਾਂ ਦਾ ਜਜ਼ਬਾ; ਕਿੱਤਾ ਅਤੇ ਕਿਰਦਾਰ ਦੋਨੋਂ ਹੋਵੇ। ਸ੍ਰ ਚਰਨਜੀਤ ਸਿੰਘ ਕੋਹਲੀ, ਸ੍ਰ ਦਮਨਪ੍ਰੀਤ ਸਿੰਘ ਅਤੇ ਤਮਾਮ ਪੱਤਰਕਾਰ ਭਰਾ ਜਿਹਨਾਂ ਨੇ ਇਸ ਲੜਾਈ ਵਿੱਚ ਸੰਘਰਸ਼ ਕੀਤਾ, ਉਹਨਾਂ ਨੇ ਸੁੱਤੀਆਂ ਸਰਕਾਰਾਂ ਨੂੰ ਆਪਣੇ ਹੱਕਾਂ ਲਈ ਜਗਾਇਆ ਹੈ ਸਮੂਹ ਭਾਈਚਾਰੇ ਦਾ ਇਸ ਮੁਸ਼ਕਿਲ ਘੜੀ ਵਿੱਚ ਇਕੱਠੇ ਹੋਣ ਤੇ ਅਨੇਕ ਵਾਰ ਧੰਨਵਾਦ।