ਪੁਰਾਤਨ ਰੰਗਮੰਚੀ ਕਲਾਵਾਂ ਅਤੇ ਵਿਧਾਵਾਂ ਨੂੰ ਬਚਾੳਣ ਤੇ ਪ੍ਰਫੁੱਲਤ ਕਰਨ ਦੀ ਲੋੜ – ਭਗਵਾਨ ਦਾਸ ਗੁਪਤਾ
ਪਟਿਆਲਾ 21 ਅਪ੍ਰੈਲ
ਪੰਜਾਬੀ ਰੰਗਮੰਚ, ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਸਮਰਪਿਤ ਪ੍ਰਸਿੱਧ ਗੈਰ ਸਰਕਾਰੀ ਸੰਸਥਾਂ ਸੁਖ਼ਨਵਰ ਰੰਗ ਮੰਚ ਵਲੋਂ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਦੇ ਲਿਖੇ ਪੰਜਾਬੀ ਨਾਟਕ “ਉਸ ਨੂੰ ਨਾਂਹ ਦੱਸੀ” ਦੀ ਜੋਗਾ ਸਿੰਘ ਖੀਵਾ ਦੀ ਨਿਰਦੇਸ਼ਨਾ ਹੇਠ ਨਵਜੀਵਨੀਂ ਸਪੈਸ਼ਲ ਸਕੂਲ ਸੂਲਰ ਵਿਖੇ ਪੇਸ਼ਕਾਰੀ ਕੀਤੀ ਗਈ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਉਘੇ ਸਮਾਜ ਸੇਵੀ, ਵਾਤਾਵਰਨ ਤੇ ਕਲਾ ਪ੍ਰੇਮੀ ਗੈਰ ਸਰਕਾਰੀ ਸੰਸਥਾਂ ਦੋਸਤ ਦੇ ਬਾਨੀ ਤੇ ਸਰਪ੍ਰਸਤ ਭਗਵਾਨ ਦਾਸ ਗੁਪਤਾ ਸਨ। ਇੰਜ.ਇੰਦਰਜੀਤ ਗਿੱਲ, ਪੰਜਾਬੀ ਫਿਲਮ ਨਿਰਮਾਤਾ ਇੰਜ. ਹਰਬੰਸ ਸਿੰਘ ਕੁਲਾਰ, ਨਿਊ ਅਗਰਵਾਲ ਸਭਾ ਪਟਿਆਲਾ ਦੇ ਪ੍ਰਧਾਨ ਜਨਕ ਰਾਜ ਗੁਪਤਾ ਅਤੇ ਉਪਕਾਰ ਸਿੰਘ ਪ੍ਰਧਾਨ ਗਿਆਨ ਜਯੋਤੀ ਐਜੂਕੇਸ਼ਨਲ ਸੁਸਾਇਟੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਸੱਭ ਤੋਂ ਪਹਿਲਾਂ ਮੈਡਮ ਸ਼ਸ਼ੀ ਬਾਲਾ ਚੀਫ਼ ਕਾਰਜਕਾਰੀ ਅਧਿਕਾਰੀ ਨਵਜੀ਼ਵਨੀ ਸਕੂਲ ਫ਼ਾਰ ਸਪੈਸ਼ਲ ਚਿਲਡਰਨ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਸਕੂਲ ਦੀਆਂ ਵਿਸ਼ੇਸ਼ ਉਪਲੱਬਧੀਆਂ ਤੇ ਕਾਰਜਸ਼ੈਲੀ ਜਿਸ ਵਿੱਚ ਸ਼ਾਹੀ ਸ਼ਹਿਰ ਦੇ ਸਮਾਜ ਸੇਵਕਾਂ ਤੇ ਸੰਸਥਾਵਾਂ ਦਾ ਸਦਾ ਹੀ ਯੋਗਦਾਨ ਰਹਿੰਦਾ ਹੈ,ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।
ਮੁੱਖ ਮਹਿਮਾਨ ਭਗਵਾਨ ਦਾਸ ਗੁਪਤਾ ਨੇ ਨਾਟਕ ਦੇ ਨਿਰਦੇਸ਼ਕ ਜੋਗਾ ਸਿੰਘ ਖੀਵਾ ਤੇ ਨਾਟਕ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਆਧੁਨਿਕ ਚਕਾਚੌਂਧ ਵਾਲੇ ਨਾਟਕਾਂ ਦੇ ਨਾਲ ਨਾਲ ਪੁਰਾਤਨ ਨਾਟ ਕਲਾਵਾਂ ਤੇ ਵਿਧਾਵਾਂ ਨੂੰ ਵੀ ਉਤਸਾਹਤ ਤੇ ਪ੍ਰਫੁੱਲਤ ਕਰਨ ਦੀ ਵਧੇਰੇ ਲੋੜ ਹੈ। ੳਹਨਾਂ ਨੇ ਅਜਿਹੇ ਸਿੱਖਿਆਦਾਇਕ ਤੇ ਦੇਸ਼ ਭਗਤੀ ਦੇ ਪ੍ਰੇਰਣਾ ਸ੍ਰੋਤ ਨਾਟਕ ਨੂੰ ਦਿਹਾਤੀ ਤੇ ਪੱਛੜੇ ਖੇਤਰਾਂ ਵਿੱਚ ਲੈਕੇ ਜਾਣ ਦੀ ਅਪੀਲ ਕੀਤੀ ਅਤੇ ਰੰਗਮੰਚ ਲਈ ਆਪਣੇ ਵਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਸਕੂਲ ਦੀ ਪ੍ਰਿੰਸੀਪਲ ਮੈਡਮ ਸਵਿਤਾ ਕੌਸ਼ਿਕ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਕੂਲ ਦੀ ਮੈਨੇਜਮੈਂਟ ਵਲੋਂ ਸਮੂੰਹ ਕਲਾਕਾਰਾਂ ਨੂੰ ਬੱਚਿਆਂ ਵਲੋਂ ਤਿਆਰ ਕੀਤੇ ਜੂਟ ਦੇ ਖੂਬਸੂਰਤ ਥੈਲੇ ਵੀ ਭੇਂਟ ਕੀਤੇ ਗਏ।
ਜਦੋਂ ਨਿਰਦੇਸ਼ਕ ਅਪਣੇ ਵਿਜਨ ਨੂੰ ਲੈ ਕੇ ਪੂਰੀ ਤਰ੍ਹਾਂ ਸਪੱਸ਼ਟ ਹੁੰਦਾ ਹੈ ਤਾਂ ਉਦੋਂ ਅਦਾਕਾਰ ਵੀ ਅਪਣਾ ਬਿਹਤਰੀਨ ਦਿੰਦੇ ਹਨ। ਨਾਟਕ ਵਿੱਚ ਮਾਂ ਦਾ ਕਿਰਦਾਰ ਪੰਜਾਬੀ ਰੰਗਮੰਚ ਤੇ ਟੈਲੀਵਿਜ਼ਨ ਦੀ ਪ੍ਰਪੱਕ ਅਦਾਕਾਰਾ ਅੰਜੂ ਸੈਣੀ ਅਤੇ ਪੁਤਰ ਦਾ ਰੋਲ ਉੱਭਰਦੇ ਰੰਗਕਰਮੀ ਸਾਗਰ ਨੇ ਬਾਖੂਬੀ ਨਿਭਾਇਆ।
ਫੋਜੀ ਦਾ ਕਿਰਦਾਰ ਖੁਦ ਮੰਚ ਦੇ ਨਿਰਦੇਸ਼ਕ ਜੋਗਾ ਸਿੰਘ ਖੀਵਾ ਦੁਆਰਾ ਪੇਸ਼ ਕੀਤਾ ਗਿਆ। ਤਾਈ ਦੇ ਕਿਰਦਾਰ ਨੂੰ ਪਰਮਜੀਤ ਪੰਮੀ ਨੇ ਇੱਕ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ। ਗਾਇਕ ਟਿੱਮੀ ਈ ਦੀ ਦਿਲਕਸ਼ ਆਵਾਜ਼ ਤੇ ਅਸਰਦਾਰ ਸੰਗੀਤ ਨੇ ਨਾਟਕ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਿੱਚ ਵਿਸ਼ੇਸ਼ ਸਹਾਇਤਾ ਕੀਤੀ।ਇਸ ਨਾਟਕ ਰਾਹੀਂ ਜੋਗਾ ਸਿੰਘ ਖੀਵਾ ਨੇ ਨਿਵੇਕਲਾ ਵਿਸ਼ਾ ਚੁਣਕੇ ਇਹ ਸਾਬਤ ਕਰ ਦਿੱਤਾ ਕਿ ਸਾਡੀ ਧਰਤੀ ਮਾਂ ਦਾ ਰੁਤਬਾ ਬਹੁਤ ਵੱਡਾ ਹੈ। ਉਪਰੋਕਤ ਨਾਟਕ ਵਿਸ਼ੇਸ਼ ਤੌਰ ਤੇ ਨੌਜਵਾਨਾਂ ਲਈ ਦੇਸ਼ ਭਗਤੀ ਪ੍ਰਤੀ ਇੱਕ ਪ੍ਰੇਰਣਾ ਸ੍ਰੋਤ ਸ਼ਾਬਤ ਹੋਵੇਗਾ।
ਜੋਗਾ ਸਿੰਘ ਖੀਵਾ ਦੀ ਨਿਰਦੇਸ਼ਨਾ ਹੇਠ ਨਾਟਕ ਦੇ ਹਰ ਇੱਕ ਕਲਾਕਾਰ ਨੇ ਆਪਣੀ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਦਰਸ਼ਕਾ ਨੇ ਵੀ ਭਰਪੂਰ ਤਾੜੀਆਂ ਨਾਲ ਆਯੋਜਕਾਂ ਤੇ ਕਲਾਕਾਰਾਂ ਦਾ ਹੌਸਲਾ ਵਧਾਇਆ। ਟਿਮੀ.ਈ ਅਤੇ ਗੁਰਪ੍ਰੀਤ ਪ੍ਰੀਤ ਪਟਿਆਲਵੀ ਨੇ ਦਰਸ਼ਕਾਂ ਤੇ ਸਰੋਤਿਆਂ ਦੀ ਪੁਰਜ਼ੋਰ ਫ਼ਰਮਾਇਸ਼ ਤੇ ਪੰਜਾਬੀ ਸੱਭਿਆਚਾਰਕ ਗੀਤ ਸੁਣਾਕੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਸ਼ਰਮਾ (ਕਾਲੀ) ਗੁਰਵਿੰਦਰ ਪਾਲ ਸਿੰਘ ਸੰਧੂ ਅਤੇ ਰਮੇਸ਼ ਧੀਮਾਨ ਹਾਜ਼ਰ ਸਨ।