ਸਰਬੱਤ ਦਾ ਭਲਾ ਟਰੱਸਟ ਵੱਲੋਂ ਅੰਬੇਡਕਰ ਊਰਜਾ ਭਵਨ ਬਾਰਨ ਪਟਿਆਲਾ ਵਿਖੇ ਲੈਬ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ

ਲੈਬਾਰਟਰੀ ਦਾ ਉਦਘਾਟਨ ਕਰਨ ਮੌਕੇ ਡਾ:ਐੱਸ.ਪੀ.ਸਿੰਘ ਓਬਰਾਏ, ਪੋਸੂ ਪ੍ਰਧਾਨ ਫਕੀਰ ਚੰਦ ਜੱਸਲ, ਡਾ: ਦਲਜੀਤ ਸਿੰਘ ਗਿੱਲ, ਪ੍ਰਧਾਨ ਸੁਰਿੰਦਰ ਸਿੰਘ ਅਤੇ ਹੋਰ।ਟਰੱਸਟ ਦੀਆਂ ਲੈਬਾਰਟਰੀਆਂ ਤੋਂ ਹਰ ਸਾਲ 12 ਲੱਖ ਤੋਂ ਵਧੇਰੇ ਲੋਕ ਕਰਵਾ ਰਹੇ ਨੇ ਟੈਸਟ : ਡਾ.ਓਬਰਾਏ

ਡਾ.ਓਬਰਾਏ ਦੇ ਬੇਮਿਸਾਲ ਸੇਵਾ ਕਾਰਜਾਂ ਨੇ ਹਮੇਸ਼ਾਂ ਪੰਜਾਬੀਅਤ ਦਾ ਮਾਣ ਵਧਾਇਆ : ਫਕੀਰ ਚੰਦ ਜੱਸਲ

ਪਟਿਆਲਾ, 11 ਜੁਲਾਈ ( ) – ਆਪਣੀ ਜੇਬ੍ਹ ‘ਚੋਂ ਹੀ ਕਰੋੜਾਂ ਰੁਪਏ ਸੇਵਾ ਕਾਰਜਾਂ ‘ਤੇ ਖ਼ਰਚ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ‘ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ’ ਦਾ ਉਦਘਾਟਨ ਊਰਜਾ ਭਵਨ, ਬਾਰਨ ਪਟਿਆਲਾ ਵਿਖੇ ਕੀਤਾ ਗਿਆ।
ਇਸ ਲੈਬਾਰਟਰੀ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ.ਐੱਸ.ਪੀ.ਸਿੰਘ ਓਬਰਾਏ ਨੇ ਪੰਜਾਬ ਸਮੇਤ ਹੋਰਨਾਂ ਸੂਬਿਆਂ ‘ਚ ਸਰਬੱਤ ਦਾ ਭਲਾ ਟਰੱਸਟ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਟਰੱਸਟ ਵੱਲੋਂ ਸਥਾਪਤ ਕੀਤੀ ਗਈ ਬਹੁਤ ਹੀ ਘੱਟ ਖ਼ਰਚੇ ਵਾਲੀ ਇਸ ਲੈਬਾਰਟਰੀ ਨਾਲ ਪਿੰਡ ਬਾਰਨ ਅਤੇ ਨੇੜੇ ਤੇੜੇ ਲਗਦੇ ਤਕਰੀਬਨ 30–40 ਪਿੰਡਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ। ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਹੁਣ ਤੱਕ ਪੰਜਾਬ ਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ ‘ਚ 100 ਤੋਂ ਵੱਧ ਲੈਬਾਰਟਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਅੰਦਰ ਹਰ ਸਾਲ ਲਗਭਗ 12 ਲੱਖ ਦੇ ਕਰੀਬ ਲੋਕ ਕੇਵਲ ਲਾਗਤ ਦਰਾਂ ‘ਤੇ ਆਪਣੇ ਟੈਸਟ ਕਰਵਾ ਰਹੇ ਹਨ। ਡਾ: ਓਬਰਾਏ ਨੇ ਇਸ ਕੇਂਦਰ ਵਿੱਚ ਜਲਦੀ ਹੀ ਫੀਜ਼ਿਓਥੈਰੇਪੀ ਸੈਂਟਰ ਅਤੇ ਡੈਂਟਲ ਕਲੀਨਿਕ ਖੋਲ੍ਹਣ ਦਾ ਵੀ ਐਲਾਨ ਕੀਤਾ।
ਇਸ ਮੌਕੇ ਅੰਬੇਡਕਰ ਊਰਜਾ ਭਵਨ ਦੇ ਪੋਸੂ ਪ੍ਰਧਾਨ ਫਕੀਰ ਚੰਦ ਜੱਸਲ ਨੇ ਡਾ: ਓਬਰਾਏ ਤੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋੜਵੰਦਾਂ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਲੈਬ ਨੇੜੇ ਲਗਦੇ ਕਈ ਪਿੰਡਾਂ ਦੇ ਲੋਕਾਂ ਲਈ ਬਹੁਤ ਲਾਹੇਵੰਦ ਹੋਵੇਗੀ, ਕਿਉਂਕਿ ਇੱਥੋਂ ਦੇ ਆਮ ਲੋਕਾਂ ਨੂੰ ਪ੍ਰਾਈਵੇਟ ਲੈਬੋਰੇਟਰੀਆਂ ਤੋਂ ਬਹੁਤ ਵੱਧ ਰੇਟਾਂ ‘ਤੇ ਆਪਣੇ ਟੈਸਟ ਕਰਵਾਉਣੇ ਪੈਂਦੇ ਸਨ।

ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਡਾ. ਦਲਜੀਤ ਸਿੰਘ ਗਿੱਲ ਸਲਾਹਕਾਰ ਸਿਹਤ ਸੇਵਾਵਾਂ, ਸ. ਸੁਰਿੰਦਰ ਸਿੰਘ ਪ੍ਰਧਾਨ ਪਟਿਆਲਾ ਇਕਾਈ, ਅੰਬੇਡਕਰ ਭਵਨ ਬਾਰਨ ਪਟਿਆਲਾ ਦੇ ਜਨਰਲ ਸਕੱਤਰ ਐਮ.ਐਸ. ਕਾਜਲ, ਕੈਸ਼ੀਅਰ ਕਰਮਜੀਤ ਸਿੰਘ, ਹਰਮੇਸ਼ ਕੁਮਾਰ, ਪੋਸੂ ਪ੍ਮੌਰਧਾਨ ਜ਼ਿਲਾ ਮੁਹਾਲੀ, ਅਮਰ ਚੰਦ ਤੇ ਉਨ੍ਹਾਂ ਦੀ ਟੀਮ, ਪੋਸ ਪ੍ਰਧਾਨ ਰੋਪੜ ਚੰਨ ਸਿੰਘ ਤੇ ਉਨ੍ਹਾਂ ਦੀ ਟੀਮ, ਪੋਸੂ ਪ੍ਰਧਾਨ ਲੁਧਿਆਣਾ ਤੋਂ ਨਿਰਮਲ ਸਿੰਘ ਅਤੇ ਉਨ੍ਹਾਂ ਦੀ ਟੀਮ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।

 

Leave a Reply

Your email address will not be published. Required fields are marked *