ਵਾਮਨ ਦੁਆਦਸੀ ਦੀ ਪਟਿਆਲਾ ਵਿੱਚ ਰਹੀ ਧੂਮ ਅਗਲੇ ਸਾਲ ਹੋਰ ਸ਼ਰਧਾ ਅਤੇ ਜੋਸ਼ ਨਾਲ ਮਨਾਇਆ ਜਾਏਗਾ ਤਿਉਹਾਰ : ਅਨੁਰਾਗ ਸ਼ਰਮਾ
ਪਟਿਆਲਾ ਸ਼ਹਿਰ ਵਿੱਚ ਇਸ ਸਾਲ ਵੀ ਵਾਮਨ ਦੁਆਦਸੀ ਦਾ ਤਿਉਹਾਰ ਬੜੇ ਹੀ ਸ਼ਰਧਾ ਆਸਥਾ ਤੇ ਧੂਮ ਧਾਮ ਨਾਲ ਮਨਾਇਆ ਗਿਆ। ਦੱਸ ਦਈਏ ਜਿੱਥੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਵਿਸ਼ਾਲ ਮੰਚ ਦਾ ਆਯੋਜਨ ਕੀਤਾ ਗਿਆ ਉਥੇ ਹੀ ਟਿੱਪਰੀ ਦੀਆਂ ਟੀਮਾਂ ਅਤੇ ਸ਼ਰਧਾਲੂਆਂ ਵਿੱਚ ਵੀ ਜੋਸ਼ ਦੇਖਣ ਨੂੰ ਮਿਲਿਆ। ਇੱਥੇ ਹੀ ਸਨੋਰੀ ਅੱਡਾ ਸ਼੍ਰੀ ਵਾਮਨ ਅਵਤਾਰ ਮੰਦਿਰ ਜੀ ਦੇ ਬਾਹਰ ਵੰਦੇ ਮਾਤਰਮ ਦਲ ਵੱਲੋਂ ਇੱਕ ਵਿਸ਼ਾਲ ਮੰਚ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਵੰਦੇ ਮਾਤਰਮ ਦਲ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਦੱਸਿਆ ਕਿ ਚਾਹੇ ਮੇਲੇ ਬਾਰੇ ਪਟਿਆਲਾ ਸ਼ਹਿਰ ਦੇ ਲੋਕਾਂ ਵਿੱਚ ਉਤਸਾਹ ਖਾਸਾ ਦੇਖਣ ਨੂੰ ਮਿਲਿਆ ਪਰ ਪੁਰਾਣੇ ਸਮੇਂ ਨਾਲੋਂ ਹਾਲੇ ਵੀ ਘੱਟ ਸੀ। ਵੰਦੇ ਮਾਤਰਮ ਦਲ ਵੱਲੋਂ ਇਹ ਪਹਿਲ ਕੀਤੀ ਗਈ ਹੈ ਕਿ ਟਿੱਪਰੀਆਂ ਅਤੇ ਝਾਂਕੀਆਂ ਵਾਲਿਆਂ ਨੂੰ ਮੰਚ ਵੱਲੋਂ ਨਗਦ ਰਾਸ਼ੀ ਪੁਰਸਕਾਰ ਭੇਂਟ ਕੀਤੇ ਜਾਣ ਅਤੇ ਉਹਨਾਂ ਇਹੀ ਅਪੀਲ ਹਰੇਕ ਮੰਚ ਸੰਚਾਲਨ ਸੰਸਥਾ ਨੂੰ ਕੀਤੀ। ਦੱਸ ਦਈਏ ਕਿ ਪਿਛਲੇ ਸਾਲ ਵੀ ਵੰਦੇ ਮਾਤਰਮ ਦਲ ਵੱਲੋਂ ਇਸੇ ਤਰ੍ਹਾਂ ਵਿਸ਼ਾਲ ਮੰਚ ਦਾ ਆਯੋਜਨ ਕੀਤਾ ਗਿਆ ਸੀ ਅਤੇ ਉਸ ਵਿੱਚ ਪਹਿਲਾ ਇਨਾਮ ਘੋਸ਼ਿਤ ਕਰਨਾ ਸੀ ਜੋ ਕਿ ਇਸ ਸਾਲ ਦਸ਼ਮੇਸ਼ ਟਿੱਪਰੀ ਕਲੱਬ ਨੂੰ 32 ਇੰਚ ਹਾਇਰ ਕੰਪਨੀ ਦਾ ਐਲ ਈ ਡੀ, ਦਾ ਸੈਕਿੰਡ ਸਟੋਰ ਧੀਰਜ ਗੋਇਲ ਦੇ ਸਹਿਯੋਗ ਨਾਲ ਦਿੱਤਾ ਗਿਆ। ਮੰਚ ਉਪਰੋਂ ਹਰ ਝਾਕੀ ਨੂੰ ਘੱਟੋ ਘੱਟ 1100/- ਰੁ ਅਤੇ ਟਿੱਪਰੀ ਨੂੰ ਘੱਟੋ ਘੱਟ 2100/- ਵੱਧ ਤੋਂ ਵੱਧ 5100/- ਰੁਪਈਏ ਨਗਦ ਇਨਾਮ ਰਾਸ਼ੀ ਵਜੋਂ ਭੇਂਟ ਕੀਤੇ ਗਏ ਅਤੇ ਉਹਨਾਂ ਦਾ ਜ਼ੋਰ ਸ਼ੋਰ ਨਾਲ ਸਨਮਾਨ ਕੀਤਾ ਗਿਆ। ਦਲ ਦੇ ਸਪੀਚ ਸੈਕਟਰੀ ਸੁਸ਼ੀਲ ਨਈਅਰ ਨੇ ਆਪਣੇ ਜੋਸ਼ੀਲੇ ਅੰਦਾਜ਼ ਵਿੱਚ ਕਿਹਾ ਕਿ ਵਾਮਨ ਭਗਵਾਨ ਕਿਰਪਾ ਕਰਨ ਤਾਂ ਅਗਲੇ ਸਾਲ ਪਟਿਆਲਾ ਸ਼ਹਿਰ ਦਾ ਇਤਿਹਾਸਿਕ ਵਾਮਨ ਅਵਤਾਰ ਦੇਵਤਾ ਜੀ ਦਾ ਇਹ ਪਰਬ ਹੋਰ ਵੀ ਧੂਮ ਧਾਮ, ਤੇ ਸ਼ਰਧਾ ਭਾਵਨਾ ਅਤੇ ਪਟਿਆਲਾ ਨਿਵਾਸੀਆਂ ਦੇ ਸਹਿਯੋਗ ਨਾਲ ਵੱਧ ਚੜ ਕੇ ਮਨਾਇਆ ਜਾਵੇਗਾ। ਵੰਦੇ ਮਾਤਰਮ ਦਲ ਵੱਲੋਂ ਹਰੇਕ ਮੰਚ ਸੰਚਾਲਕ ਨੂੰ ਅਤੇ ਹਰੇਕ ਧਾਰਮਿਕ, ਰਾਜਨੀਤਿਕ , ਸਮਾਜਿਕ ਸੰਸਥਾ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਪਣੇ ਬਾਜ਼ਾਰਾਂ ਦੇ ਵਿੱਚ ਮੰਚ ਦਾ ਆਯੋਜਨ ਕਰਨ ਅਤੇ ਟਿੱਪਰੀ ਅਤੇ ਝਾਂਕੀ ਦੀਆਂ ਟੀਮਾਂ ਨੂੰ ਨਗਦ ਪੁਰਸਕਾਰ ਦੇ ਕੇ ਸਨਮਾਨਿਤ ਕਰ ਉਹਨਾਂ ਦਾ ਹੌਸਲਾ ਅਫਜਾਈ ਕਰਨ ਤਾਂ ਜੋ ਲੁਪਤ ਹੋਣ ਦੀ ਕਗਾਰ ਤੇ ਖੜ੍ਹੇ ਇਸ ਇਤਿਹਾਸਿਕ ਅਤੇ ਧਾਰਮਿਕ ਮੇਲੇ ਨੂੰ ਬਚਾਇਆ ਜਾ ਸਕੇ। ਇੱਥੇ ਹੀ ਦਲ ਦੇ ਫਾਊਂਡਰ ਮੈਂਬਰ ਗੁਰਪ੍ਰੀਤ ਸਿੰਘ ਗੁਰੀ ਨੇ ਪਿਛਲੇ ਸਮੇਂ ਦੀ ਗੱਲ ਦੱਸਦੇ ਕਿਹਾ ਕਿ ਸਾਡੇ ਬਚਪਨ ਵਿੱਚ ਇਹ ਮੇਲਾ ਸਵੇਰੇ 6 ਵਜੇ ਤੱਕ ਭਰਦਾ ਸੀ। ਅਤੇ ਹੁਣ 12 ਵਜੇ ਤੱਕ ਸਿਮਟ ਕੇ ਰਹਿ ਗਿਆ। ਪਰ ਵੰਦੇ ਮਾਤਰਮ ਦਲ ਦੇ ਇਸ ਮੰਚ ਤੇ ਇਸ ਵਾਰ ਵੀ ਮੇਲਾ ਰਾਤ 1:30 ਵਜੇ ਤੱਕ ਚੱਲਿਆ ਤੇ ਅਗਲੇ ਸਾਲ ਇਸ ਨੂੰ ਪੰਜ- ਛੇ ਵਜੇ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾਏਗੀ। ਇਸ ਲਈ ਟਿੱਪਰੀ ਦੀਆਂ ਵੱਧ ਤੋਂ ਵੱਧ ਟੀਮਾਂ ਅਤੇ ਵੱਧ ਤੋਂ ਵੱਧ ਮੰਦਰ ਕਮੇਟੀਆਂ ਝਾਕੀਆਂ ਬਣਾ ਕੇ ਬਾਜ਼ਾਰ ਵਿੱਚ ਮੇਲੇ ਦੀ ਸ਼ੋਭਾ ਵਧਾਉਣ ਦੀ ਕੋਸਿਸ਼ ਕਰਨ। ਇਸ ਸਾਰੇ ਪ੍ਰੋਗਰਾਮ ਵਿੱਚ ਪਟਿਆਲਾ ਸ਼ਹਿਰ ਦੇ ਸੱਜਣ ਪਤਵੰਤਿਆਂ ਵੱਲੋਂ ਜਿੱਥੇ ਭਰਪੂਰ ਸਹਿਯੋਗ ਮਿਲਿਆ ਉਥੇ ਹੀ ਸਨੋਰੀ ਅੱਡਾ ਮਾਰਕੀਟ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ। ਮੰਚ ਦੀ ਵਿਵਸਥਾ ਵੰਦੇ ਮਾਤਰਮ ਦਲ ਦੇ ਮੈਂਬਰ ਪਵਨ ਯੋਧਾ, ਧੀਰਜ ਗੋਇਲ, ਗੁਰਪ੍ਰੀਤ ਸਿੰਘ ਗੁਰੀ, ਵਰੁਣ ਕੌਸ਼ਲ, ਤਨਵੀਰ ਗੋਲਾ, ਨਰਿੰਦਰ ਕੱਹਲੋਂ, ਸੱਗੂ ,ਦੀਪਕ ਸਿੰਘ, ਲਕਸ਼ੀਤ, ਰਿਧਾਨਸ਼, ਮੁਕੇਸ਼ ਅਤੇ ਸਮੂਹ ਦਲ ਦੇ ਮੈਂਬਰਾਂ ਵੱਲੋਂ ਬੜੇ ਹੀ ਸੁਚਾਰੂ ਢੰਗ ਨਾਲ ਕੀਤੀ ਗਈ ਜਿਸ ਕਰਕੇ ਇਹ ਮੇਲਾ ਇੱਕ ਖੂਬਸੂਰਤ ਯਾਦ ਛੱਡ ਅਗਲੇ ਸਾਲ ਦੇ ਇੰਤਜ਼ਾਰ ਵੱਲ ਵੱਧਦਾ ਹੋਇਆ ਨਜ਼ਰ ਆਇਆ ।