ਜੀਓ ਅਤੇ ਬੱਸ ਰੱਜ ਕੇ ਜੀਓ
1. ਜੇ ਤੁਸੀਂ 50 ਨੂੰ ਟੱਪ ਗਏ ਹੋ ਤਾਂ ਯਕੀਨਨ ਉਮਰ ਦੇ ਆਖਰੀ ਪੜਾਅ ਵੱਲ ਵਧ ਰਹੇ ਹੋ।
ਏਸ ਉਮਰ ਵਿੱਚ ਪਹੁੰਚੇ ਹੋਏ ਭੈਣ ਭਰਾਵਾਂ ਲਈ ਆਹ ਦੇਸੀ ਘਿਉ ਜਿਹੇ ਸੁਝਾਅ ਹਨ।
ਪੜ੍ਹੋ ‘ਤੇ ਅਮਲ ਕਰੋ।
50 ਸਾਲ ਦੀ ਉਮਰ ਤੱਕ ਰੱਜਵੀਂ ਕਮਾਈ ਕਰਨ ਬਾਅਦ ਤੁਹਾਡਾ ਹੱਕ ਬਣਦਾ ਹੈ ਕਿ ਤੁਸੀਂ ਹੁਣ ਗੱਡੀ ਗੇਅਰ ਵਿੱਚੋਂ ਕੱਢ ਦਿਓ ਅਤੇ ਬਾਕੀ ਰਹਿੰਦੀ ਜ਼ਿੰਦਗੀ ਨੂੰ ਰੱਜ ਕੇ ਮਾਣੋ !!
2. ਆਪਣੇ ਬੱਚਿਆਂ ਦੇ ਵਿੱਤੀ ਹਾਲਾਤ ਬਾਰੇ ਸੋਚਣਾ ਬਿਲਕੁਲ ਬੰਦ ਕਰ ਦਿਓ ਅਤੇ ਆਪਣੇ ਆਪ ‘ਤੇ ਖ਼ਰਚ ਕਰਨ ਲੱਗਿਆਂ ਬਿਲਕੁਲ ਵੀ ਬੁਰਾ ਮਹਿਸੂਸ ਨਾਂ ਕਰੋ। ਤੁਸੀਂ ਆਪਣੀ ਔਲਾਦ ਦੀ ਬਹੁਤ ਸਾਲਾਂ ਤੱਕ ਸ਼ਾਨਦਾਰ ਦੇਖ਼-ਭਾਲ ਕੀਤੀ ਹੈ ਅਤੇ ਤੁਸੀਂ ਆਪਣੇ ਵੱਲੋਂ ਉਨ੍ਹਾਂ ਨੂੰ ਬੇਹਤਰੀਨ ਵਿਦਿਆ ਅਤੇ ਜੀਵਨ ਜਾਚ ਸਿਖਾਈ ਹੈ। ਤੁਸੀਂ ਉਨ੍ਹਾਂ ਨੂੰ ਬੇਹਤਰੀਨ ਰਹਿਣ-ਸਹਿਣ, ਵਿਦਿਆ, ਖਾਣ-ਪੀਣ ਅਤੇ ਰਹਿਣ ਲਈ ਛੱਤ ਬਣਾ ਕੇ ਦਿੱਤੀ ਹੈ, ਏਹ ਹੁਣ ਉਨ੍ਹਾਂ ਦੀ ਜੁੰਮੇਵਾਰੀ ਹੈ ਕਿ ਉਹ ਆਪਣੇ ਲਈ ਕਮਾਈ ਕਰਨ!!
3. ਬਹੁਤੀ ਦੌੜ-ਭੱਜ ਛੱਡ ਕੇ ਆਪਣੀ ਸੇਹਤ ਨੂੰ ਪਹਿਲ ਦਿਓ। ਰੋਜ਼ਾਨਾ ਸੈਰ ਕਰੋ, ਥੋੜ੍ਹੀ ਬਹੁਤ ਕਸਰਤ ਕਰੋ, ਸੰਤੁਲਿਤ ਭੋਜਨ ਖਾਓ ਅਤੇ ਰੱਜ ਕੇ ਸੌਂਵੋ। ਏਸ ਉਮਰ ਵਿੱਚ ਬਿਮਾਰ ਹੋਣ ਦੀ ਸੰਭਾਵਨਾ ਵੱਧ ਰਹਿੰਦੀ ਹੈ ਅਤੇ ਇੱਕ ਵਾਰ ਬਿਮਾਰ ਹੋਣ ਬਾਅਦ ਸੇਹਤਯਾਬ ਹੋਣਾ ਮੁਸ਼ਕਲ ਹੋ ਸਕਦਾ ਹੈ, ਇਸੇ ਕਰਕੇ ਆਪਣੀਆਂ ਸਰੀਰਕ ਲੋੜਾਂ ਅਤੇ ਦਵਾਈ-ਬੂਟੀ ਦਾ ਧਿਆਨ ਰੱਖੋ। ਸਮੇਂ ਸਿਰ ਆਪਣਾ ਮੈਡੀਕਲ ਚੈੱਕਅਪ ਕਰਾਉਂਦੇ ਰਹੋ ਅਤੇ ਸਿਹਤ ਦੀ ਲਗਾਤਾਰ ਨਿਗਰਾਨੀ ਰੱਖੋ!!
4. ਆਪਣੀ ਲੋੜ ਲਈ ਹਮੇਸ਼ਾਂ ਵਧੀਆ ਅਤੇ ਖ਼ੂਬਸੂਰਤ ਚੀਜ਼ਾਂ ਖ੍ਰੀਦੋ, ਤੁਹਾਡਾ ਮੁੱਖ ਨਿਸ਼ਾਨਾ ਆਪਣੇ ਸਰਮਾਏ ਨੂੰ ਆਪਣੇ ਜੀਵਨ ਸਾਥੀ ਨਾਲ ਮਿਲ ਕੇ ਬੇਹਤਰੀਨ ਜ਼ਿੰਦਗੀ ਜਿਉਣਾ ਹੈ। ਇੱਕ ਦਿਨ ਤੁਸੀਂ ਇੱਕ ਦੂਜੇ ਦੇ ਸਾਥ ਦੀ ਘਾਟ ਮਹਿਸੂਸ ਕਰੋਗੇ, ਓਦੋਂ ਤੁਹਾਡੇ ਸਰਮਾਏ ਨੇ ਤੁਹਾਡੇ ਕਿਸੇ ਕੰਮ ਨਹੀਂ ਆਉਣਾ, ਏਸ ਲਈ ਇੱਕ ਦੂਜੇ ਦੇ ਸਾਥ ਨੂੰ ਬੇਹਤਰੀਨ ਢੰਗ ਨਾਲ ਮਾਣੋ!!
5. ਨਿੱਕੀਆਂ-ਨਿੱਕੀਆਂ ਗੱਲਾਂ ‘ਤੇ ਤਣਾਓ ਵਿੱਚ ਨਾਂ ਆਓ, ਤੁਸੀਂ ਪਹਿਲਾਂ ਹੀ ਜੀਵਨ ਵਿੱਚ ਬਹੁਤ ਤਣਾਅ ਹੰਢਾ ਚੁੱਕੇ ਹੋ। ਯਾਦ ਰੱਖੋ, ਤੁਹਾਡੇ ਕੋਲ ਚੰਗੀਆਂ-ਮਾੜੀਆਂ ਯਾਦਾਂ ਹਨ, ਜੋ ਮਹੱਤਵਪੂਰਣ ਹੈ, ਉਹ ਤੁਹਾਡਾ ਵਰਤਮਾਨ ਹੈ। ਆਪਣੇ ਬੀਤੇ ਨੂੰ ਆਪਣੇ ‘ਤੇ ਹਾਵੀ ਨਾਂ ਹੋਣ ਦਿਓ ਅਤੇ ਭਵਿੱਖ ਤੋਂ ਭੈਅ-ਭੀਤ ਨਾ ਹੋਵੋ, ਬੱਸ ਅੱਜ ਨੂੰ ਰੱਜ ਕੇ ਜੀਓ!!
6. ਆਪਣੀ ਵਧਦੀ ਉਮਰ ਨੂੰ ਭੁੱਲ ਕੇ ਪਿਆਰ-ਮੁਹੱਬਤ ਕਾਇਮ ਰੱਖੋ, ਆਪਣੇ ਜੀਵਨ ਸਾਥੀ ਨੂੰ, ਆਪਣੇ ਪਰਵਾਰ ਨੂੰ, ਆਂਢ-ਗੁਆਂਢ ਅਤੇ ਦੋਸਤਾਂ ਮਿੱਤਰਾਂ ਨੂੰ ਰੱਜ ਕੇ ਪਿਆਰ ਕਰੋ, ਯਾਦ ਰੱਖੋ ਜਦੋਂ ਤੱਕ ਤੁਹਾਡਾ ਬਿਬੇਕ ਅਤੇ ਪਿਆਰ ਕਾਇਮ ਹੈ, ਤੁਸੀਂ ਤੰਦਰੁਸਤ ਅਤੇ ਜਵਾਨ ਰਹਿੰਦੇ ਹੋ!!
7. ਆਪਣੇ ਆਪ ‘ਤੇ ਸਦਾ ਮਾਣ ਕਰੋ, ਸਜ-ਧਜ ਕੇ ਰਹੋ, ਇਤਰ-ਫ਼ੁਲੇਲ ਲਗਾ ਕੇ ਰੱਖੋ ਅਤੇ ਯਾਦ ਰੱਖੋ ਜਦੋਂ ਤੁਸੀਂ ਆਪਣੇ ਆਪ ਨਾਲ ਪਿਆਰ ਕਰਦੇ ਹੋ ਅਤੇ ਰੂਹਦਾਰੀ ਨਾਲ ਤਿਆਰ-ਸ਼ਿਆਰ ਹੋ ਕੇ ਰਹਿੰਦੇ ਹੋ ਤਾਂ ਖੁਦ ਨੂੰ ਸਦਾ ਮਾਣ-ਮੱਤਾ, ਤੰਦਰੁਸਤ ਅਤੇ ਰਿਸਟ-ਪੁਸ਼ਟ ਮਹਿਸੂਸ ਕਰਦੇ ਹੋ!!
8. ਅਖ਼ਬਾਰਾਂ ਪੜ੍ਹੋ, ਟੀ.ਵੀ ਵੇਖੋ, ਖ਼ਬਰਾਂ ਸੁਣੋ ਅਤੇ ਆਪਣੇ ਆਪ ਨੂੰ ਅੱਜ ਨਾਲ ਜੋੜ ਕੇ ਰੱਖੋ। ਸੋਸ਼ਲ ਮੀਡੀਆ ਨੂੰ ਸੂਝ ਨਾਲ ਵਰਤੋ, ਵਾਧੂ ਦੀ ਬਹਿਸਬਾਜ਼ੀ ਵਿੱਚ ਖੁਦ ਨੂੰ ਨਾਂ ਉਲਝਾਓ, ਬੱਸ ਜੋ ਵੀ ਆਲੇ-ਦੁਆਲੇ ਹੋ ਰਿਹਾ ਹੈ, ਉਸਦਾ ਆਨੰਦ ਲਓ। ਜੋ ਕੁਝ ਵੀ ਦੇਸ਼ ਦੁਨੀਆਂ ਵਿੱਚ ਵਾਪਰ ਰਿਹਾ ਹੈ, ਉਸਦੀ ਜਾਣਕਾਰੀ ਰੱਖੋ,ਆਨ-ਲਾਈਨ ‘ਤੇ ਆਪਣੀ ਰੁਚੀ ਮੁਤਾਬਿਕ ਲੇਖ ਆਦਿ ਪੜ੍ਹੋ ਅਤੇ ਜ਼ਿੰਦਗੀ ਦਾ ਹਰ ਤਰ੍ਹਾਂ ਨਾਲ ਲੁਤਫ਼ ਉਠਾਓ!!
9. ਪਰਵਾਰ ਅਤੇ ਆਲੇ-ਦੁਆਲੇ ਵਿਚਰ ਰਹੀ ਨਵੀਂ ਪੀੜ੍ਹੀ ਦੇ ਨੌਜਵਾਨਾਂ ਅਤੇ ਬੱਚਿਆਂ ਦੇ ਵਿਚਾਰਾਂ ਦਾ ਸਤਿਕਾਰ ਕਰੋ ਅਤੇ ਉਨ੍ਹਾਂ ਦੀ ਰਾਇ ਦੀ ਕਦਰ ਕਰੋ,ਬੇਮਤਲਬ ਉਨ੍ਹਾਂ ਨਾਲ ਉਲਝ ਕੇ ਆਪਣੇ ਸਮਿਆਂ ਦੀ ਬੇਲੋੜੀ ਪ੍ਰਸੰਸਾ ਨਾਂ ਕਰੀ ਜਾਓ,ਤੁਸੀਂ ਵੀ ਅੱਜ ਵਾਲੇ ਸਮੇਂ ਦਾ ਹਿੱਸਾ ਹੋ ਅਤੇ ਜਿਵੇਂ ਦਾ ਵੀ ਸਮਾਂ ਚੱਲ ਰਿਹਾ ਹੈ, ਉਸਦੀ ਕਦਰ ਕਰੋ, ਉਸਦਾ ਲੁਤਫ਼ ਉਠਾਓ।ਕਦੇ ਏਹ ਨਾਂ ਕਹੋ ਕਿ ਸਾਡੇ ਸਮਿਆਂ ਵਿੱਚ ਇੰਝ ਹੁੰਦਾ ਸੀ, ਅੱਜ ਵੀ ਤੁਹਾਡਾ ਸਮਾਂ ਹੈ, ਬੱਸ ਵਰਤਮਾਨ ਵਿੱਚ ਮਜ਼ੇ ਲੁੱਟੋ ਅਤੇ ਇਸੇ ਨੂੰ ਬੇਹਤਰੀਨ ਸਮਝੋ!!
10. ਕੌੜੇ ਕੁਸੈਲੇ ਲੋਕਾਂ ਨਾਲ ਬਹਿਸ ਵਿੱਚ ਆਪਣਾ ਸਮਾਂ ਨਸ਼ਟ ਨਾਂ ਕਰੋ,ਅਜਿਹੇ ਲੋਕਾਂ ਵਿੱਚ ਜ਼ਾਇਆ ਕੀਤਾ ਸਮਾਂ ਤਾਹਨੂੰ ਸਮੇਂ ਪਹਿਲਾਂ ਨਾਲੋਂ ਬੁੱਢਾ ਕਰ ਦੇਵੇਗਾ। ਸਾਕਾਰਤਮਕ ਅਤੇ ਹੱਸਮੁੱਖ ਲੋਕਾਂ ਦਾ ਸੰਗ ਕਰੋ, ਵੇਖਿਓ ਜ਼ਿੰਦਗੀ ਤੁਹਾਡੇ ਨਾਲ ਕਿੱਦਾਂ ਖਿੜ-ਖਿੜ ਹੱਸਦੀ ਹੈ!!
11. ਆਪਣੀਆਂ ਖਾਹਿਸ਼ਾਂ ਨੂੰ ਬੱਚਿਆਂ ਦੀਆਂ ਲੋੜਾਂ ਅੱਗੇ ਕੁਰਬਾਨ ਨਾਂ ਕਰੋ।ਆਪਣੇ ਬੱਚਿਆਂ ਦੀ ਨਿੱਜਤਾ ਦਾ ਸਤਿਕਾਰ ਕਰੋ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਫ਼ਜ਼ੂਲ ਦੀ ਦਖ਼ਲਅੰਦਾਜ਼ੀ ਨਾਂ ਕਰੋ,ਉਨ੍ਹਾਂ ਦੇ ਫ਼ੈਸਲਿਆਂ ਦੀ ਮੌਕੇ ਮੁਤਾਬਿਕ ਸ਼ਲਾਘਾ ਕਰੋ ਅਤੇ ਉਨ੍ਹਾਂ ਨਾਲ ਸਦਾ ਖ਼ੁਸਮਿਜ਼ਾਜ਼ੀ ਨਾਲ ਪੇਸ਼ ਆਓ!!
12. ਆਪਣੇ ਸ਼ੋਕ ਨਾਂ ਮਰਨ ਦਿਉ ਜੇ ਤੁਹਾਨੂੰ ਨੱਚਣਾ ਪਸੰਦ ਹੈ ਤਾਂ ਨੱਚੋ, ਜੇ ਖੇਡਣਾ ਪਸੰਦ ਹੈ ਤਾਂ ਖੇਡੋ, ਜੇ ਸਫ਼ਰ ਕਰਨਾ ਪਸੰਦ ਕਰਦੇ ਹੋ ਤਾਂ ਆਪਣੀਆਂ ਪਸੰਦੀਦਾ ਥਾਵਾਂ ‘ਤੇ ਜਾਓ,ਤਾਸ਼ ਜਾਂ ਗੌਲਫ਼ ਜੋ ਵੀ ਪਸੰਦ ਹੈ, ਖੇਡੋ, ਬੱਸ ਆਪਣੇ ਜੀਵਨ ਦਾ ਹਰ ਸ਼ੌਕ ਪੁਗ਼ਾਉਣ ਦਾ ਹੁਣ ਸੁਨਹਿਰੀ ਮੌਕਾ ਹੈ!!
13. ਆਪਣੇ ਆਲੇ-ਦੁਆਲੇ ਵਿਚਰਦਿਆਂ ਸੰਗੀ ਸਾਥੀਆਂ ਦੀ ਗੱਲਬਾਤ ਵੱਧ ਸੁਣੋ, ਆਪ ਘੱਟ ਬੋਲੋ। ਜੇ ਕਿਤੇ ਬੋਲਣ ਦੀ ਲੋੜ ਹੈ ਤਾਂ ਆਪਣੀ ਗੱਲ ਸੰਖੇਪ ਵਿੱਚ ਮੁਕਾਓ, ਤੁਹਾਡੀ ਲੰਬੀ ਗੱਲਬਾਤ ਦੂਜਿਆਂ ਨੂੰ ਅਕਾ ਦਿੰਦੀ ਹੈ ਅਤੇ ਉਹ ਤੁਹਾਡੇ ਤੋਂ ਦੂਰੀ ਬਣਾਉਣ ਲੱਗ ਪੈਂਦੇ ਹਨ। ਗੱਲਬਾਤ ਦੌਰਾਨ ਦੂਜਿਆਂ ਦੀ ਰਾਇ ਨਾਲ ਸਹਿਮਤੀ ਬਣਾਉਣ ਦੀ ਆਦਤ ਪਾਓ, ਇੰਝ ਤੁਸੀਂ ਉਨ੍ਹਾਂ ਦੇ ਸਤਿਕਾਰ ਦੇ ਪਾਤਰ ਬਣ ਸਕਦੇ ਹੋ। ਜੇ ਕਿਸੇ ਕਾਰਨ ਸਹਿਮਤ ਨਹੀਂ ਵੀ ਹੋ ਤਾਂ ਆਪਣੀ ਅਸਹਿਮਤੀ ਦਿੰਦਿਆਂ ਅਦਬ ਨਾਲ ਮੁਸਕੁਰਾਉਣਾ ਨਾਂ ਭੁੱਲੋ!!
14. ਜੇ ਤੁਹਾਨੂੰ ਕਿਸੇ ਦੀ ਕੋਈ ਗੱਲ ਬੁਰੀ ਲੱਗੀ ਹੈ ਤਾਂ ਉਸਨੂੰ ਅਣਗੌਲਿਆਂ ਕਰ ਦਿਓ ਅਤੇ ਅਪਮਾਨਜਨਕ ਟਿੱਪਣੀ ਕਰਨ ਵਾਲੇ ਨੂੰ ਮੁਆਫ਼ ਕਰ ਦਿਓ।ਇਸੇ ਤਰ੍ਹਾਂ ਜੇ ਕਦੇ ਤੁਹਾਡੇ ਕੋਲੋਂ ਜਾਣੇ-ਅਣਜਾਣੇ ਵਿੱਚ ਕਿਸੇ ਲਈ ਅਪਮਾਨਜਨਕ ਭਾਸ਼ਾ ਜਾਂ ਟਿੱਪਣੀ ਕੀਤੀ ਗਈ ਹੋਵੇ, ਝੱਟ ਮੁਆਫ਼ੀ ਮੰਗ ਲਓ। ਕਿਸੇ ਵੀ ਮਸਲੇ ਨੂੰ ਬੇਲੋੜਾ ਨਾਂ ਖਿੱਚੋ। ਕਿਸੇ ਪ੍ਰਤੀ ਵੀ ਜ਼ਹਿਰ ਦਿਲ ਵਿੱਚ ਨਾਂ ਰੱਖੋ, ਏਹ ਜ਼ਹਿਰ ਦੂਜੇ ਦਾ ਕੋਈ ਨੁਕਸਾਨ ਨਹੀਂ ਕਰੇਗਾ ਸਗੋਂ ਤੁਹਾਨੂੰ ਹੀ ਮਾਰ ਮੁਕਾਵੇਗਾ!!
15. ਹੱਸੋ ਅਤੇ ਖ਼ੂਬ ਹੱਸੋ, ਹੱਸਣ ਦਾ ਕੋਈ ਮੌਕਾ ਅਜਾਈਂ ਨਾਂ ਜਾਣ ਦਿਓ।ਜਿੱਥੇ ਵੀ ਜਾਂਦੇ ਹੋ ਖੁਸ਼ੀਆਂ ਖੇੜੇ ਵੰਡੋ, ਤੁਹਾਡਾ ਗੱਲਬਾਤ ਦਾ ਲਹਿਜ਼ਾ ਐਸਾ ਹੋਵੇ ਕਿ ਮਹਿਫ਼ਲ ਵਿੱਚ ਹਾਸਿਆਂ ਦੀਆਂ ਫ਼ੁਹਾਰਾਂ ਛੁੱਟਦੀਆਂ ਰਹਿਣ ਅਤੇ ਲੋਕ ਤੁਹਾਨੂੰ ਅਗਲੀ ਮਹਿਫ਼ਲ ਲਈ ਉਡੀਕਦੇ ਰਹਿਣ!!
16. ਦੂਜੇ ਤੁਹਾਡੇ ਬਾਰੇ ਕੀ ਕਹਿੰਦੇ ਹਨ, ਇਸ ਦੀ ਬਿਲਕੁਲ ਵੀ ਚਿੰਤਾ ਨਾਂ ਕਰੋ। ਇਸੇ ਤਰ੍ਹਾਂ ਕਦੇ ਏਹ ਚਿੰਤਾ ਨਾਂ ਕਰੋ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਹੋਣਗੇ, ਬੱਸ ਆਪਣੇ ਵੱਲੋਂ ਸਾਕਾਰਤਮਕ ਜੀਵਨ ਜੀਓ। ਜੋ ਕੁਝ ਤੁਸੀਂ ਜ਼ਿੰਦਗੀ ਵਿੱਚ ਹਾਸਲ ਕੀਤਾ ਹੈ, ਉਸਤੇ ਰਸ਼ਕ ਕਰੋ!!